
ਸਿੱਖਿਆ ਮੰਤਰੀ ਵੱਲੋਂ ਪੰਖੜੀਆਂ ਤੇ ਪ੍ਰਾਇਮਰੀ ਬਾਲ ਰਸਾਲਿਆਂ ਦਾ ਲੋਕ ਅਰਪਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਸ਼ਿਰਕਤ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਮਹੀਨੇ ਪ੍ਰਕਾਸ਼ਿਤ ਕੀਤੇ ਜਾਂਦੇ ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਬਾਲ ਰਸਾਲਿਆਂ ਦੇ ਅਗਸਤ ਮਹੀਨੇ ਦੇ ਅੰਕ ਵੀ ਲੋਕ ਅਰਪਣ ਕੀਤੇ। ਬਾਲ ਰਸਾਲਿਆਂ ਸਬੰਧੀ ਚਰਚਾ ਕਰਦੇ ਹੋਏ ਮਾਨਯੋਗ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਦੋਵੇਂ ਬਾਲ ਰਸਾਲਿਆਂ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਇਨ੍ਹਾਂ ਰਸਾਲਿਆਂ ਰਾਹੀਂ ਪ੍ਰਕਾਸ਼ਿਤ ਹੁੰਦਾ ਸਾਹਿਤ ਵਿਦਿਆਰਥੀਆਂ ਦੇ ਜੀਵਨ ਅਤੇ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਉਨ੍ਹਾਂ ਵੱਲੋਂ ਇਨ੍ਹਾਂ ਬਾਲ ਰਸਾਲਿਆਂ ਦੇ ਵਧੀਆ ਸੰਪਾਦਨ ਲਈ ਸੰਪਾਦਕ ਦਰਸ਼ਨ ਸਿੰਘ ਬਨੂੜ ਦੀ ਵੀ ਸ਼ਲਾਘਾ ਕੀਤੀ ਗਈ।
ਇਸ ਤੋਂ ਇਲਾਵਾ ਸਿੱਖਿਆ ਮੰਤਰੀ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਨਵ-ਨਿਯੁਕਤ ਕੀਤੇ ਗਏ ਲਾਇਬ੍ਰੇਰੀਅਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ। ਨਵ-ਨਿਯੁਕਤ ਲਾਇਬ੍ਰੇਰੀਅਨਾਂ ਨੂੰ ਸਿੱਖਿਆ ਮੰਤਰੀ ਨੇ ਆਪਣਾ ਕੰਮ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਲਈ ਵੀ ਪ੍ਰੇਰਿਆ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ, ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਕੰਟਰੋਲਰ ਪ੍ਰੀਖਿਆਵਾ ਜੇ.ਆਰ.ਮਹਿਰੋਕ ਅਤੇ ਉਪ ਸਕੱਤਰ ਗੁਰਤੇਜ ਸਿੰਘ ਸਮੇਤ ਸਕੂਲ ਬੋਰਡ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।