nabaz-e-punjab.com

ਪੇਪਰ ਲੀਕ ਮਾਮਲਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੇ ਗਣਿਤ ਵਿਸ਼ੇ ਦੀ ਪ੍ਰੀਖਿਆ ਮੁਲਤਵੀ

ਹੁਣ 31 ਮਾਰਚ ਨੂੰ ਹੋਵੇਗੀ ਬਾਰ੍ਹਵੀਂ ਦੇ ਗਣਿਤ ਵਿਸ਼ੇ ਦੀ ਪ੍ਰੀਖਿਆ: ਸਕੱਤਰ ਹਰਗੁਣਜੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੇ ਗਣਿਤ ਦਾ ਪੇਪਰ ਲੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ 20 ਮਾਰਚ ਨੂੰ ਬਾਰ੍ਹਵੀਂ ਦੇ ਗਣਿਤ ਵਿਸ਼ੇ ਦੀ ਹੋਣ ਵਾਲੀ ਪ੍ਰੀਖਿਆ ਐਨ ਮੌਕੇ ਮੁਲਤਵੀ ਕਰ ਦਿੱਤੀ ਗਈ। ਜਿਸ ਕਾਰਨ ਪ੍ਰੀਖਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਪ੍ਰੀਖਿਆ 31 ਮਾਰਚ ਨੂੰ ਪਹਿਲਾਂ ਤੋਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿੱਚ ਪਹਿਲਾਂ ਦਿੱਤੇ ਗਏ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ ਸ਼ਾਮ 5.15 ਤੱਕ ਹੋਵੇਗੀ। ਅੱਜ ਗਣਿਤ ਵਿਸ਼ੇ ਦੇ ਰੈਗੂਲਰ 55273 ਅਤੇ ਓਪਨ ਸਕੂਲ ਦੇ 679 ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾਣੀ ਸੀ।
ਸਕੂਲ ਬੋਰਡ ਦੀ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਿਤ ਵਿਸ਼ੇ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੀ ਸੂੁਚਨਾ ਬੋਰਡ ਵਿੱਚ ਵਟਸਐਪ ’ਤੇ ਪ੍ਰਾਪਤ ਹੋਣ ਤੋਂ ਬਾਅਦ ਅਤੇ ਉਸ ਦੇ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਬੋਰਡ ਅਥਾਰਟੀ ਵੱਲੋਂ ਅੱਜ ਗਣਿਤ ਵਿਸ਼ੇ ਦੀ ਲਈ ਜਾਣ ਵਾਲੀ ਪ੍ਰੀਖਿਆ ਤੁਰੰਤ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ।
ਸ੍ਰੀਮਤੀ ਹਰਗੁਣਜੀਤ ਕੌਰ ਨੇ ਦੱਸਿਆ ਕਿ ਬੋਰਡ ਵੱਲੋਂ ਪਹਿਲਾਂ ਗਣਿਤ ਵਿਸ਼ੇ ਦਾ ਬਦਲਵਾਂ ਪ੍ਰਸ਼ਨ ਪੱਤਰ ਈਮੇਲ ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੱਕ ਪਹੁੰਚਾਉਣ ਅਤੇ ਫਿਰ ਉਹਨਾਂ ਰਾਹੀਂ ਪ੍ਰੀਖਿਆ ਕੇਂਦਰਾਂ ਵਿੱਚ ਭੇਜ ਕੇ ਅੱਜ ਹੀ ਗਣਿਤ ਦਾ ਪੇਪਰ ਕਰਵਾਉਣ ਬਾਰੇ ਸੋਚਿਆ ਗਿਆ ਸੀ ਪਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਪ੍ਰਾਪਤ ਸੁਝਾਵਾਂ ਅਨੁਸਾਰ ਬਦਲਵੇਂ ਪ੍ਰਸ਼ਨ ਪੱਤਰ ਦਾ ਸਾਰੇ ਪ੍ਰੀਖਿਆ ਕੇਂਦਰਾਂ ਵਿੱਚ ਪਹੁੰਚਾਇਆ ਜਾਣਾ ਸੰਭਵ ਨਹੀਂ ਸੀ ਅਤੇ ਉਂਜ ਵੀ ਇਸ ਦੀ ਗੁਪਤਤਾ ਰੱਖਣੀ ਵੀ ਕਾਫੀ ਮੁਸ਼ਕਲ ਸੀ।
ਸਕੱਤਰ ਨੇ ਅੱਗੇ ਦੱਸਿਆ ਕਿ ਗਣਿਤ ਵਿਸ਼ੇ ਦੇ ਸਾਰੇ ਵਿਦਿਆਰਥੀ ਪਹਿਲਾਂ ਅਲਾਟ ਹੋਏ ਪ੍ਰੀਖਿਆ ਕੇਂਦਰਾਂ ਅਤੇ ਰੋਲ ਨੰਬਰਾਂ ਅਨੁਸਾਰ ਹੀ 31 ਮਾਰਚ ਦਿਨ ਸ਼ਨੀਵਾਰ ਨੂੰ ਪ੍ਰੀਖਿਆ ਦੇਣਗੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਐਸਐਮਐਸ ਰਾਹੀਂ ਵੱਖਰੇ ਤੌਰ ’ਤੇ ਇਸ ਸਬੰਧੀ ਸੂਚਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਵਿਭਾਗੀ ਪੜਤਾਲ ਆਰੰਭ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਉੱਚ ਅਧਿਕਾਰੀ ਨੂੰ ਪੜਤਾਲ ਦਾ ਜਿੰਮਾ ਸੌਂਪਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਬੋਰਡ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਜਾ ਰਹੀ ਹੈ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…