Share on Facebook Share on Twitter Share on Google+ Share on Pinterest Share on Linkedin ਪਰਮਜੀਤ ਭਿਓਰਾ ਨੂੰ ਮਾਂ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਦੀ ਨਹੀਂ ਮਿਲੀ ਇਜਾਜ਼ਤ ਬੀਬੀ ਪ੍ਰੀਤਮ ਕੌਰ ਭਿਓਰਾ ਦੀ ਅੰਤਿਮ ਅਰਦਾਸ ਦੇ ਸ਼ਰਧਾਂਜਲੀ ਸਮਾਰੋਹ 7 ਫਰਵਰੀ ਨੂੰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਹੱਤਿਆ ਕਾਂਡ ਅਤੇ ਬੁੜੈਲ ਜੇਲ੍ਹ ਬਰੇਕ ਮਾਮਲੇ ਵਿੱਚ ਸਜ਼ਾ ਕੱਟ ਰਹੇ ਖਾੜਕੂ ਕਾਰਕੁਨ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਬੀਬੀ ਪ੍ਰੀਤਮ ਕੌਰ (87) ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਅੰਤਿਮ ਅਰਦਾਸ ਭਲਕੇ 7 ਫਰਵਰੀ ਨੂੰ ਇੱਥੋਂ ਦੇ ਫੇਜ਼-3ਬੀ1 ਸਥਿਤ ਗੁਰਦੁਆਰਾ ਸਾਚਾ ਧੰਨ ਸਾਹਿਬ ਵਿੱਚ 10 ਤੋਂ 12 ਵਜੇ ਤੱਕ ਹੋਵੇਗੀ। ਇਸ ਤੋਂ ਪਹਿਲਾਂ ਸਵੇਰੇ 9 ਵਜੇ ਸਥਾਨਕ ਸੈਕਟਰ-71 ਸਥਿਤ ਐਨਆਰਆਈ ਬੇਟੀ ਹਰਮਿੰਦਰ ਕੌਰ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਉਧਰ, ਖਾੜਕੂ ਪਰਮਜੀਤ ਸਿੰਘ ਭਿਓਰਾ ਦੀ ਆਪਣੀ ਮਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਇੱਛਾ ਪੂਰੀ ਨਹੀਂ ਹੋਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਾੜਕੂ ਭਿਓਰਾ ਨੂੰ ਆਪਣੀ ਮਾਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਹੈ। ਇਸ ਸਬੰਧੀ ਖਾੜਕੂ ਕਾਰਕੁਨ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਕਿ ਉਸ (ਭਿਓਰਾ) ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਕੁਝ ਘੰਟਿਆਂ ਦੀ ਪੈਰੋਲ ਦਿੱਤੀ ਜਾਵੇ। ਉੱਚ ਅਦਾਲਤ ਨੇ ਵੱਖ ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਖਾੜਕੂ ਭਿਓਰਾ ਦੀ ਅਰਜ਼ੀ ਨੂੰ ਮੁੱਢੋਂ ਰੱਦ ਦਿੱਤਾ। ਜਿਸ ਕਾਰਨ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਮਾਤਾ ਪ੍ਰੀਤਮ ਕੌਰ ਵੀ ਅਖੀਰਲੇ ਦਿਨਾਂ ਵਿੱਚ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਆਪਣੇ ਲਾਡਲੇ ਪੁੱਤ ਪਰਮਜੀਤ ਸਿੰਘ ਭਿਓਰਾ ਨੂੰ ਮਿਲਣਾ ਚਾਹੁੰਦੀ ਸੀ ਪ੍ਰੰਤੂ ਕਾਨੂੰਨ ਦੀਆਂ ਬੇੜੀਆਂ ਨੇ ਉਸ ਨੂੰ ਪੁੱਤ ਨਾਲ ਮਿਲਣ ਨਹੀਂ ਦਿੱਤਾ। ਕਿਉਂਕਿ ਬਿਮਾਰ ਹੋਣ ਅਤੇ ਚੱਲਣ ਫਿਰਨ ਤੋਂ ਅਸਮਰੱਥ ਮਾਤਾ ਪ੍ਰੀਤਮ ਕੌਰ ਬੁੜੈਲ ਜੇਲ੍ਹ ਨਹੀਂ ਜਾ ਸਕਦੇ ਸਨ। ਉਧਰ, ਜੇਲ੍ਹ ਪ੍ਰਸ਼ਾਸਨ ਨੇ ਵੀ ਭਿਓਰਾ ਨੂੰ ਮਾਂ ਨੂੰ ਮਿਲਣ ਲਈ ਪੈਰੋਲ ਨਹੀਂ ਦਿੱਤੀ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ