nabaz-e-punjab.com

ਸਰਕਾਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ 7 ਤੇ 8 ਜਨਵਰੀ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜਨਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਦਸੰਬਰ ਮਹੀਨੇ ਵਿੱਚ ਕੀਤੇ ਗਏ ਮੁਲਾਂਕਣ ਦੇ ਵਿਸ਼ਲੇਸ਼ਣ ਨੂੰ ਮਾਪਿਆਂ ਨਾਲ ਸਾਂਝਾ ਕਰਨ ਲਈ 7 ਅਤੇ 8 ਜਨਵਰੀ ਨੂੰ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਰਨੈਲ ਸਿੰਘ ਕਾਲੇਕੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਕਰਵਾਈ ਜਾਣ ਵਾਲੀ ਮਾਪੇ ਅਧਿਆਪਕ ਮਿਲਣੀ ਦਾ ਉਦੇਸ਼ ਜਿੱਥੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਦਸੰਬਰ ਮਹੀਨੇ ਦੇ ਮੁਲਾਂਕਣ ਦੀ ਵਿਸ਼ਾਵਾਰ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਣਾ ਹੈ, ਉੱਥੇ ਸਕੂਲ ਮੁਖੀਆਂ ਵੱਲੋਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇ ਡਾਟਾ ਵਿਸ਼ਲੇਸ਼ਣ ਦੇ ਅਧਾਰ ’ਤੇ ਕਮਜ਼ੋਰ ਪੱਖਾਂ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਵਾਉਣਾ ਹੈ ਤਾਂ ਕਿ ਭਵਿੱਖ ਵਿੱਚ ਮਾਪਿਆਂ ਦਾ ਸਹਿਯੋਗ ਲੈ ਕੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
ਸਿੱਖਿਆ ਅਧਿਕਾਰੀ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਮਿਲਣੀ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਮਿਥੇ ਗਏ ਏਜੰਡਿਆਂ ਅਨੁਸਾਰ ਮਾਪੇ ਅਧਿਆਪਕ ਮਿਲਣੀ ਸਕਾਰਾਤਮਿਕ ਪ੍ਰਭਾਵ ਵਾਲੀ ਹੋਵੇ। ਇਸ ਤੋਂ ਇਲਾਵਾ ਜਾਰੀ ਏਜੰਡਿਆਂ ਅਨੁਸਾਰ ਮਿਲਣੀ ਵਿੱਚ ਸਕੂਲ ਮੁਖੀ ਤੇ ਅਧਿਆਪਕ ਮਾਪਿਆਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ, ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਾਰਗੁਜ਼ਾਰੀ, ਵਿਦਿਆਰਥੀਆਂ ਦੀ ਹਾਜ਼ਰੀ, ਰੋਜ਼ਾਨਾ ਹੋਮ-ਵਰਕ ਦੀ ਕਾਰਗੁਜ਼ਾਰੀ ਸਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਦੀ ਬਿਹਤਰੀ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਪ੍ਰਾਜੈਕਟਰ ਦੀ ਮਦਦ ਨਾਲ ਮਾਪਿਆਂ ਦੀ ਹਾਜ਼ਰੀ ਵਿੱਚ ਪੇਸ਼ਕਾਰੀ ਨੂੰ ਯਕੀਨੀ ਬਣਾਉਣ।
ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਮਾਪੇ ਅਧਿਆਪਕ ਮਿਲਣੀ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਕੋਵਿਡ-19 ਤੋਂ ਰੋਕਥਾਮ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਵਿਭਾਗ ਵੱਲੋਂ ਸਮੂਹ ਅਧਿਕਾਰੀਆਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਾਪੇ ਅਧਿਆਪਕ ਮਿਲਣੀ ਨੂੰ ਸਫਲ ਬਣਾਉਣ ਲਈ ਸਾਂਝੀਆਂ ਥਾਵਾਂ ’ਤੇ ਅਨਾਊਂਸਮੈਂਟ ਕਰਵਾਉਣ ਅਤੇ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਲਣੀ ਵਿੱਚ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, ਮਿਡ-ਡੇਅ-ਮੀਲ ਵਰਕਰਾਂ, ਐੱਸਐੱਮਸੀ ਮੈਂਬਰਾਂ ਅਤੇ ਹੋਰ ਪਤਵੰਤਿਆਂ ਤੱਕ ਪਹੁੰਚ ਕਰਨ ਦਾ ਟੀਚਾ ਮਿਥਿਆ ਗਿਆ ਹੈ। ਡੀਈਓਜ਼ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਾਈਟ ਪ੍ਰਿੰਸੀਪਲ, ਸਮੂਹ ਬਲਾਕ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਵੱਲੋਂ ਮਾਪੇ ਅਧਿਆਪਕ ਮਿਲਣੀ ਵਿੱਚ ਰੈਂਡਮ ਪੱਧਰ ’ਤੇ ਵਿਜ਼ਟ ਕਰਕੇ ਅਧਿਆਪਕਾਂ ਦੁਆਰਾ ਇਸ ਮਿਲਣੀ ਨੂੰ ਏਜੰਡੇ ਅਨੁਸਾਰ ਨੇਪਰੇ ਚੜ੍ਹਾਉਣਾ ਯਕੀਨੀ ਬਣਾਇਆ ਜਾਵੇਗਾ। ਸਮੁੱਚੀ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਮੈਂਬਰ ਮਿਲਣੀ ਵਿੱਚ ਅਧਿਆਪਕਾਂ ਦੇ ਨਾਲ ਸਹਿਯੋਗੀ ਦੇ ਤੌਰ ’ਤੇ ਹਾਜ਼ਰ ਰਹਿ ਕੇ ਇਕੱਤਰ ਡਾਟੇ ਨੂੰ ਦਰਪਣ ਐਪ ’ਤੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਦਰਜ ਕਰਨਾ ਯਕੀਨੀ ਬਣਾਉਣਗੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…