ਸਮੂਹ ਪ੍ਰਾਇਮਰੀ ਸਕੂਲਾਂ ਵਿੱਚ 2 ਮਾਰਚ ਨੂੰ ਕਰਵਾਈ ਜਾਵੇਗੀ ਮਾਪੇ-ਅਧਿਆਪਕ ਮਿਲਣੀ

ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਾਰੇ ਮਾਪਿਆਂ ਨੂੰ ਕਰਵਾਇਆ ਜਾਵੇਗਾ ਜਾਣੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ:
ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਦਾ ਫਰਵਰੀ ਮਹੀਨੇ ਵਿੱਚ ਵਿਸ਼ਾਵਾਰ ਮੁਲਾਂਕਣ ਕਰਵਾਇਆ ਗਿਆ। ਇਸ ਮੁਲਾਂਕਣ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਉਣ ਅਤੇ ਸਾਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਦੇ ਉਦੇਸ਼ ਨਾਲ ਮਿਤੀ 02 ਮਾਰਚ ਨੂੰ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਅ), ਡਾਇਟ ਪ੍ਰਿੰਸੀਪਲਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਇਸ ਸੰਬੰਧੀ ਪੱਤਰ ਜਾਰੀ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਮਾਪੇ-ਅਧਿਆਪਕ ਮਿਲਣੀ ਸਬੰਧੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਇਹ ਸਕਾਰਾਤਮਕ ਪ੍ਰਭਾਵ ਵਾਲੀ ਹੋਵੇ ਅਤੇ ਇਸ ਮਿਲਣੀ ਦੌਰਾਨ ਮਾਪਿਆਂ ਨਾਲ ਵਿਦਿਆਰਥੀਆਂ ਦੇ ਚੰਗੇ ਪੱਖਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇ।
ਅਧਿਆਪਕਾਂ ਦੀ ਅਗਵਾਈ ਲਈ ਇਸ ਮਿਲਣੀ ਲਈ ਰੱਖੇ ਗਏ ਮੁੱਖ ਏਜੰਡਿਆਂ ਅਨੁਸਾਰ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਹੋਈਆ ਹਦਾਇਤਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਗੱਲਬਾਤ ਕਰਨਾ, ਫਰਵਰੀ ਮੁਲਾਂਕਣ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਮਾਪਿਆਂ ਨਾਲ ਸਾਂਝਿਆਂ ਕਰਨਾ, ਮਾਰਚ ਦੇ ਸਾਲਾਨਾ ਇਮਤਿਹਾਨਾਂ ਦੀ ਡੇਟਸ਼ੀਟ ਨੋਟ ਕਰਵਾਉਣਾ, ਮਿਤੀ 26 ਤੋਂ 31 ਮਾਰਚ 2021 ਤੱਕ ਕਰਵਾਏ ਜਾਣ ਵਾਲੇ ‘ਬਾਲ-ਪ੍ਰਤਿਭਾ ਮੇਲਿਆਂ’ ਬਾਰੇ ਜਾਣਕਾਰੀ ਦੇਣਾ, ਸੈਸ਼ਨ 2021-22 ਲਈ ਸਕੂਲਾਂ ਵਿੱਚ ਦਾਖ਼ਲਾ ਸ਼ੁਰੂ ਹੋਣ ਸਬੰਧੀ ਮਾਪਿਆਂ ਨੂੰ ਦੱਸਣਾ ਤਾਂ ਜੋ ਆਲ਼ੇ-ਦੁਆਲੇ ਵਿੱਚ ਇਸ ਸਬੰਧੀ ਪ੍ਰਚਾਰ ਹੋ ਸਕੇ, ਬੱਚਿਆਂ ਦੀ ਬੇਹਤਰ ਪੜ੍ਹਾਈ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਕੂਲ ਵਿੱਚ ਉਪਲੱਬਧ ਸਹੂਲਤਾਂ (ਪ੍ਰਾਜੈਕਟਰ, ਐੱਲਈਡੀ, ਮੁਫ਼ਤ ਕਿਤਾਬਾਂ, ਸਪਲੀਮੈਂਟਰੀ ਕਿਤਾਬਾਂ ਆਦਿ) ਬਾਰੇ ਮਾਪਿਆਂ ਅਤੇ ਕਮਿਊਨਟੀ ਨੂੰ ਜਾਣੂ ਕਰਵਾਉਣਾ, ਸਕੂਲ ਦੀਆਂ ਚੰਗੀਆਂ ਗਤੀਵਿਧੀਆਂ ਨੂੰ ਪ੍ਰੋਜੈਕਟਰ ਰਾਹੀਂ ਮਾਪਿਆਂ ਨਾਲ ਸਾਂਝਾ ਕਰਨਾ, ਮਾਪਿਆਂ ਨੂੰ ਸਕੂਲ ਵਿਜ਼ਿਟ ਕਰਵਾਉਣਾ ਅਤੇ ਸਕੂਲ ਵਿੱਚ ਕੀਤੇ ਗਏ ਨਿਵੇਕਲੇ ਕੰਮਾਂ ਦੀ ਜਾਣਕਾਰੀ ਦੇਣਾ ਅਤੇ ਬੱਚਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਮਾਪਿਆਂ ਨੂੰ ਦਿਖਾਉਣਾ ਸ਼ਾਮਲ ਹੈ।
ਸਿੱਖਿਆ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਰੇਕ ਪ੍ਰਾਇਮਰੀ ਸਕੂਲ ਅੰਦਰ ਇਸ ਮਾਪੇ-ਅਧਿਆਪਕ ਮਿਲਣੀ ਦੌਰਾਨ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, ਆਂਗਨਵਾੜੀ ਵਰਕਰਾਂ, ਯੂਥ ਕਲੱਬ ਦੇ ਮੈਂਬਰਾਂ, ਐੱਸਐੱਮਸੀ ਮੈਂਬਰਾਂ ਅਤੇ ਹੋਰ ਪਤਵੰਤੇ ਲੋਕਾਂ ਤੱਕ ਪਹੁੰਚ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਮਾਪੇ-ਅਧਿਆਪਕ ਮਿਲਣੀ ਲਈ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਪਰੋਕਤ ਅਨੁਸਾਰ ਪਤਵੰਤੇ ਸੱਜਣਾਂ ਨੂੰ ਸੱਦਾ ਪੱਤਰ ਭੇਜ ਕੇ ਇਸ ਮਿਲਣੀ ਵਿੱਚ ਆਉਣ ਲਈ ਬੇਨਤੀ ਕੀਤੀ ਜਾਵੇ। ਇਸ ਮਿਲਣੀ ਨੂੰ ਸਫ਼ਲ ਬਣਾਉਣ ਲਈ ਸਮੂਹ ਅਧਿਕਾਰੀ, ਸਕੂਲ ਮੁਖੀ, ਅਧਿਆਪਕ ਅਤੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ‘ ਟੀਮ ਮੈਂਬਰ ਰੋਜ਼ਾਨਾ ਅਨਾਊਂਸਮੈਂਟ ਕਰਵਾਕੇ, ਪੋਸਟਰ ਜਾਰੀ ਕਰਕੇ, ਆਡੀਓ/ਲਿਖਤੀ ਮੈਸੇਜ ਕਰਕੇ ਮਾਪਿਆਂ/ਬੱਚਿਆਂ ਅਤੇ ਹੋਰ ਕਮਿਊਨਟੀ ਮੈਂਬਰਾਂ ਨੂੰ ਅਗੇਤ ਵਿੱਚ ਜਾਣੂ ਕਰਵਾਉਣਗੇ।
ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਮਾਪੇ-ਅਧਿਆਪਕ ਮਿਲਣੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਕਮਿਊਨਟੀ ਮੈਂਬਰਾਂ ਨੂੰ ਪੂਰਾ ਸਤਿਕਾਰ ਦਿੱਤਾ ਜਾਵੇ ਅਤੇ ਅਧਿਆਪਕ ਸਾਹਿਬਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕੇ ਇਸ ਮਿਲਣੀ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਮਿਲਣੀ ਵਾਲੇ ਦਿਨ ਅਧਿਆਪਕ ਸਾਹਿਬਾਨ ਨਾਲ ਗੱਲਬਾਤ ਕਰਨ ਲਈ ਬਹੁਤ ਜ਼ਿਆਦਾ ਉਡੀਕ ਨਾ ਕਰਨੀ ਪਵੇ। ਜਮਾਤ ਇੰਚਾਰਜ਼ ਆਪਣੇ ਹਰ ਵਿਦਿਆਰਥੀ ਦੀ ਕੋਈ ਨਾ ਕੋਈ ਗਤੀਵਿਧੀ ਇਸ ਮੀਟਿੰਗ ਲਈ ਤਿਆਰ ਕਰਨ ਅਤੇ ਮੀਟਿੰਗ ਵਾਲੇ ਦਿਨ ਮਾਪਿਆਂ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਦੁਆਰਾ ਅਜਿਹੀਆਂ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇ। ਮਾਪੇ-ਅਧਿਆਪਕ ਮਿਲਣੀ ਦੀਆਂ ਵੀਡੀਓਜ਼/ਬੱਚਿਆਂ ਦੀ ਵੀਡੀਓਜ਼ ਨੂੰ ਫੇਸਬੁੱਕ, ਵਟਸਐੱਪ ਆਦਿ ’ਤੇ ਸ਼ੇਅਰ ਕਰਕੇ ਆਮ ਲੋਕਾਂ ਤੱਕ ਪਹੁੰਚਦਾ ਕੀਤਾ ਜਾਵੇ।
ਇਸ ਸੰਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ/ਐ.ਸਿੱ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ/ਐ.ਸਿੱ), ਡਾਇਟ ਪ੍ਰਿੰਸੀਪਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਿਤੀ 1 ਮਾਰਚ ਤੱਕ ਆਪਣੇ ਜ਼ਿਲ੍ਹੇ ਦੇ ਸਕੂਲ ਮੁਖੀਆਂ, ਸੈਂਟਰ ਹੈੱਡ ਟੀਚਰਜ਼ ਨਾਲ ਮੀਟਿੰਗਾਂ ਕਰਕੇ ਇਸ ਮਿਲਣੀ ਨੂੰ ਸਫ਼ਲ ਬਣਾਉਣ ਲਈ ਪ੍ਰੇਰਿਤ ਕਰਨਗੇ। ਇਸ ਤੋਂ ਇਲਾਵਾ ਸਮੂਹ ਅਧਿਕਾਰੀ ਅਤੇ ਸਕੂਲ ਮੁਖੀ ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਰੈਂਡਮ ਪੱਧਰ ‘ਤੇ ਭਾਗ ਲੈਂਦੇ ਹੋਏ ਇਹਨਾਂ ਮਿਲਣੀਆਂ ਨੂੰ ਏਜੰਡੇ ਅਨੁਸਾਰ, ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੁਆਰਾ ਕੀਤੇ ਜਾਣ ਨੂੰ ਯਕੀਨੀ ਬਣਾਉਣਗੇ।
ਸਮੂਹ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ‘ ਟੀਮ ਮੈਂਬਰ ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਆਪ ਵੀ ਭਾਗ ਲੈਂਦੇ ਹੋਏ, ਅਧਿਆਪਕਾਂ ਦਾ ਸਹਿਯੋਗ ਕਰਨਗੇ ਅਤੇ ਇਨ੍ਹਾਂ ਮਿਲਣੀਆਂ ਸਬੰਧੀ ਇਕੱਤਰ ਡਾਟੇ ਨੂੰ ਸਿੱਖਿਆ ਦਰਪਣ ਐਪ ਵਿੱਚ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰਨ ਦਾ ਕੰਮ ਕਰਨਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…