nabaz-e-punjab.com

ਮਾਪੇ-ਅਧਿਆਪਕ ਮਿਲਣੀ: ਇਸ਼ਤਿਹਾਰਬਾਜ਼ੀ ’ਤੇ ਲੱਖਾਂ ਰੁਪਏ ਖ਼ਰਚ ਕਰਨ ’ਤੇ ਸਵਾਲ ਚੁੱਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਦਸੰਬਰ:
ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਨੇ ਪੰਜਾਬ ਸਰਕਾਰ ਵੱਲੋਂ ਮਾਪੇ-ਅਧਿਆਪਕ ਮਿਲਣੀ ਦੀ ਇਸ਼ਤਿਹਾਰਬਾਜ਼ੀ ’ਤੇ ਲੱਖਾਂ ਰੁਪਏ ਖ਼ਰਚ ਕਰਨ ’ਤੇ ਸਵਾਲ ਚੁੱਕੇ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ, ਪ੍ਰੈਸ ਸਕੱਤਰ ਐਨਡੀ ਤਿਵਾੜੀ ਨੇ ਕਿਹਾ ਕਿ ਸਕੂਲਾਂ ਵਿੱਚ ਹਰ ਤਿੰਨ ਮਹੀਨੇ ਬਾਅਦ ਹੁੰਦੀ ਮਾਪੇ-ਅਧਿਆਪਕ ਮਿਲਣੀ ਮੌਕੇ ਜਿੱਥੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਜਾਂਦਾ ਹੈ, ਉੱਥੇ ਉਹ ਸਕੂਲ ਦੀਆਂ ਲੋੜਾਂ ਅਤੇ ਹੋਰ ਜ਼ਰੂਰਤਾਂ ਬਾਰੇ ਚਰਚਾ ਕਰਕੇ ਸਕੂਲ ਦੇ ਆਰਥਿਕ ਮਸਲਿਆਂ ’ਤੇ ਵੀ ਸਹਿਯੋਗ ਦੀ ਗੁਹਾਰ ਲਾਈ ਜਾਂਦੀ ਹੈ ਪਰ ਐਤਕੀਂ ‘ਆਪ’ ਸਰਕਾਰ ਵੱਲੋਂ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਬਾਰੇ ਇੰਜ ਇਸ਼ਤਿਹਾਰ-ਬਾਜ਼ੀ ਕੀਤੀ ਜਾ ਰਹੀ ਹੈ, ਜਿਵੇਂ ਪਹਿਲੀ ਵਾਰ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਹੋ ਰਹੀ ਹੋਵੇ।
ਆਗੂਆਂ ਨੇ ਕਿਹਾ ਕਿ ਜਦੋਂ ਸਿੱਖਿਆ ਤੇ ਵਿਕਾਸ ਲਈ ਵਰਲਡ ਬੈਂਕ ਤੋਂ ਕਰਜ਼ਾ ਅਤੇ ਸਮਾਜ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਇਸ਼ਤਿਹਾਰਬਾਜ਼ੀ ’ਤੇ ਬੇਲੋੜਾ ਖ਼ਰਚਾ ਕਰਨ ਦੀ ਬਜਾਏ ਇਹ ਪੈਸਾ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਲਈ ਖ਼ਰਚਿਆਂ ਜਾਵੇ। ਅਧਿਆਪਕ ਜਥੇਬੰਦੀ ਨੇ ਅਪਰ ਪ੍ਰਾਇਮਰੀ ਸਕੂਲਾਂ ’ਚ ਛੁੱਟੀ ਦਾ ਸਮਾਂ ਪਹਿਲਾਂ ਵਾਂਗ 3:20 ਵਜੇ ਕੀਤਾ ਜਾਵੇ, ਕਿਉਂਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਤਾਜ਼ਾ ਪੱਤਰ ਵਿੱਚ ਅੱਪਰ ਪ੍ਰਾਇਮਰੀ ਛੁੱਟੀ ਦਾ ਸਮਾਂ 4 ਵਜੇ ਦਾ ਦਰਜ ਹੈ। ਸਵੇਰੇ ਧੁੰਦ ਜ਼ਿਆਦਾ ਹੋਣ ਕਾਰਨ ਸਵੇਰ ਦੇ ਸਮੇਂ ਵਿੱਚ ਇੱਕ ਘੰਟੇ (10 ਵਜੇ) ਦਾ ਵਾਧਾ ਕੀਤਾ ਗਿਆ ਹੈ ਪਰ ਛੁੱਟੀ ਦੇ ਸਮੇਂ ਵਿੱਚ ਕੀਤਾ ਵਾਧਾ ਠੀਕ ਨਹੀਂ ਹੈ। ਜੇਕਰ ਸਵੇਰੇ ਧੁੰਦ ਕਾਫ਼ੀ ਜ਼ਿਆਦਾ ਹੋਵੇ ਤਾਂ ਸ਼ਾਮ ਨੂੰ ਵੀ ਜਲਦੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ, ਕਈ ਵਾਰ ਤਾਂ ਸਾਰਾ ਦਿਨ ਹੀ ਧੁੰਦ ਦਾ ਮੌਸਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਪੜ੍ਹਨ ਕਾਰਨ ਇੱਕ ਪਰਿਵਾਰ ਦੇ ਬੱਚੇ ਇਕੱਠੇ ਘਰ ਜਾਂਦੇ ਹਨ। ਇਸ ਲਈ ਛੁੱਟੀ ਦਾ ਸਮਾਂ ਦਰੁਸਤ ਕਰਕੇ ਪਹਿਲਾਂ ਵਾਂਗ 3:20 ਕੀਤਾ ਜਾਵੇ।
ਇਸ ਮੌਕੇ ਸੋਮ ਸਿੰਘ ਗੁਰਦਾਸਪੁਰ, ਬਿਕਰਮਜੀਤ ਸ਼ਾਹ, ਜਤਿੰਦਰ ਸੋਨੀ ਹੁਸ਼ਿਆਰਪੁਰ, ਗੁਰਜੀਤ ਸਿੰਘ ਮੁਹਾਲੀ, ਕੰਵਲਜੀਤ ਸੰਗੋਵਾਲ, ਪ੍ਰਗਟ ਸਿੰਘ ਸ੍ਰੀ ਮੁਕਤਸਰ ਸਾਹਿਬ, ਜਗਦੀਪ ਸਿੰਘ ਜੌਹਲ, ਲਾਲ ਚੰਦ ਨਵਾਂ ਸ਼ਹਿਰ, ਅਸ਼ਵਨੀ ਕੁਮਾਰ, ਜਰਨੈਲ ਜੰਡਾਲੀ, ਬਲਬੀਰ ਸਿੰਘ ਸੰਗਰੂਰ, ਰਘਬੀਰ ਬੱਲ ਪਟਿਆਲਾ, ਜਗਤਾਰ ਸਿੰਘ ਫਤਹਿਗੜ੍ਹ ਸਾਹਿਬ, ਜੰਗ ਬਹਾਦਰ ਸਿੰਘ, ਸੁੱਚਾ ਸਿੰਘ ਚਾਹਲ, ਰਮਨ ਗੁਪਤਾ, ਰਸ਼ਮਿੰਦਰ ਸੋਨੂ, ਬਲਵਿੰਦਰ ਕਾਲੜਾ ਨੇ ਵੀ ਸਕੂਲਾਂ ਵਿੱਚ ਛੁੱਟੀ ਦੇ ਸਮੇਂ ’ਚ ਨਵੇਂ ਸਿਰਿਓਂ ਸੋਧ ਕਰਨ ਦੀ ਮੰਗ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…