ਐਮਬੀਬੀਐਸ ਦੀ ਪੜ੍ਹਾਈ ਕਰਨ ਯੂਕਰੇਨ ਗਏ ਨੌਜਵਾਨ ਨੇ ਲਾਇਆ ਭੇਦਭਾਵ ਦਾ ਦੋਸ਼, ਮਾਪੇ ਚਿੰਤਤ

ਪੰਜਾਬ ਵਿੱਚ ਲੱਖਾਂ ਰੁਪਏ ਡੋਨੇਸ਼ਨ ਦੇ ਕੇ ਵੀ ਨਹੀਂ ਮਿਲਦਾ ਚੰਗੇ ਮੈਡੀਕਲ ਕਾਲਜ ਵਿੱਚ ਦਾਖ਼ਲਾ: ਪੀੜਤ ਮਾਪੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਰੂਸ ਵੱਲੋਂ ਯੂਕਰੇਨ ’ਤੇ ਆਪਣਾ ਕਬਜ਼ਾ ਜਮਾਉਣ ਲਈ ਲਗਾਤਾਰ ਕੀਤੇ ਜਾ ਰਹੇ ਹਮਲੇ ਕਾਰਨ ਪੈਦਾ ਹੋਏ ਤਣਾਅ ਕਾਰਨ ਭਾਰਤੀ ਖਾਸ ਕਰਕੇ ਪੰਜਾਬ ਦੇ ਲੋਕ ਕਾਫ਼ੀ ਚਿੰਤਤ ਹਨ। ਯੂਕਰੇਨ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਗਏ ਨੌਜਵਾਨ ਲੜਕੇ ਲੜਕੀਆਂ ਉੱਥੇ ਬੂਰੀ ਤਰ੍ਹਾਂ ਫਸ ਗਏ ਹਨ ਅਤੇ ਭੁੱਖ-ਭਾਣੇ ਪੰਜਾਬ ਦੇ ਨੌਜਵਾਨ ਯੂਕਰੇਨ ਪ੍ਰਸ਼ਾਸਨ ਦੇ ਭੇਦਭਾਵ ਦਾ ਸ਼ਿਕਾਰ ਹੋ ਰਹੇ ਹਨ। ਜਿਨ੍ਹਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਕਈ ਨੌਜਵਾਨ ਸ਼ਾਮਲ ਹਨ। ਇੱਥੋਂ ਦੇ ਫੇਜ਼-6 ਦੇ ਵਸਨੀਕ ਹਰਵਿੰਦਰ ਗੌਤਮ ਨੇ ਦੱਸਿਆ ਕਿ ਉਸ ਦਾ ਬੇਟਾ ਪ੍ਰਬਲ ਗੌਤਮ ਕਰੀਬ 3 ਸਾਲ ਪਹਿਲਾਂ ਐਮਬੀਬੀਐਸ ਦੀ ਪੜ੍ਹਾਈ ਲਈ ਖਾਰਕੀਵ ਮੈਡੀਕਲ ਯੂਨੀਵਰਸਿਟੀ ਗਿਆ ਸੀ। ਜਿੱਥੇ ਹੁਣ ਉਹ ਦੋ ਮੁਲਕਾਂ ਵਿੱਚ ਛਿੜੀ ਜੰਗ ਵਿੱਚ ਫਸ ਗਿਆ ਹੈ। ਉਸ ਨਾਲ ਕਰੀਬ 200-300 ਨੌਜਵਾਨ ਲੜਕੇ-ਲੜਕੀਆਂ ਵੀ ਹਨ।
ਬੇਟੇ ਨੂੰ ਵਿਦੇਸ਼ ਭੇਜਣ ਬਾਰੇ ਪੁੱਛੇ ਜਾਣ ’ਤੇ ਹਰਵਿੰਦਰ ਗੌਤਮ ਨੇ ਦੱਸਿਆ ਕਿ ਪੰਜਾਬ (ਭਾਰਤ) ਵਿੱਚ ਮੈਡੀਕਲ ਕਾਲਜਾਂ ਵਿੱਚ ਦਾਖ਼ਲਾ ਲੈਣਾ ਬਹੁਤ ਅੌਖਾ ਕੰਮ ਹੈ। ਉਨ੍ਹਾਂ ਦੱਸਿਆ ਕਿ ਇੱਥੇ ਡਾਕਟਰੀ ਪੜ੍ਹਾਈ ਲਈ ਮਾਪਿਆਂ ਨੂੰ ਲੱਖਾਂ ਕਰੋੜਾਂ ਰੁਪਏ ਡੋਨੇਸ਼ਨ ਦੇਣੀ ਪੈਂਦੀ ਹੈ, ਸਰੂਖਵਾਨਾਂ ਦੇ ਬੱਚਿਆਂ ਨੂੰ ਤਾਂ ਚੰਗੇ ਕਾਲਜਾਂ ਵਿੱਚ ਦਾਖ਼ਲ ਮਿਲ ਜਾਂਦਾ ਹੈ ਪ੍ਰੰਤੂ ਆਮ ਲੋਕਾਂ ਦੇ ਬੱਚਿਆਂ ਨੂੰ ਘਟੀਆਂ ਦਰਜੇ ਦੇ ਕਾਲਜਾਂ ਵਿੱਚ ਭੇਜਿਆ ਜਾਂਦਾ ਹੈ। ਜਿਸ ਕਾਰਨ ਮਾਪਿਆਂ ਨੂੰ ਮਜਬੂਰੀ ਵਿੱਚ ਆਪਣੇ ਬੱਚੇ ਉੱਚ ਸਿੱਖਿਆ ਲਈ ਬੇਗਾਨੇ ਮੁਲਕ ਵਿੱਚ ਭੇਜਣੇ ਪੈਂਦੇ ਹਨ ਪ੍ਰੰਤੂ ਹੁਣ ਯੂਕਰੇਨ ਵਿੱਚ ਹਾਲਾਤ ਖਰਾਬ ਹੋਣ ਕਾਰਨ ਉਨ੍ਹਾਂ ਦੀ ਜਾਨ ਮੁੱਠੀ ਵਿੱਚ ਆ ਗਈ ਹੈ ਅਤੇ ਉਨ੍ਹਾਂ ਲਈ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡ ਗਈ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਫਸੇ ਬੱਚਿਆਂ ਨਾਲ ਕਾਫ਼ੀ ਭੇਦਭਾਵ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਵਿੱਚ ਹੱਡੀ ਚੀਰਵੀਂ ਠੰਢ ਅਤੇ ਬਰਫ਼ ਪੈ ਰਹੀ ਹੈ ਅਤੇ ਉਨ੍ਹਾਂ ਦੇ ਬੱਚੇ ਖਾਲੀ ਪੇਟ ਹਾਲਾਤਾਂ ਨਾਲ ਲੜ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਵਿੱਚ ਫਸੇ ਉਸ ਦੇ ਬੇਟੇ ਸਮੇਤ ਬਾਕੀ ਨੌਜਵਾਨਾਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।
ਉਧਰ, ਪ੍ਰਬਲ ਗੌਤਮ ਨੇ ਇਕ ਵੀਡੀਓ ਜਾਰੀ ਕਰਕੇ ਯੂਕਰੇਨ ਪ੍ਰਸ਼ਾਸਨ ’ਤੇ ਭੇਦਭਾਵ ਦਾ ਦੋਸ਼ ਲਾਇਆ ਹੈ। ਉਨ੍ਹਾਂ ਆਪਬੀਤੀ ਦੱਸਦਿਆਂ ਕਿਹਾ ਕਿ ਅੱਜ ਉਹ ਬੜੀ ਮੁਸ਼ਕਲ ਨਾਲ ਪਹਿਲਾਂ ਤਾਂ 10 ਕਿੱਲੋਮੀਟਰ ਪੈਦਲ ਚੱਲ ਕੇ ਰੇਲਵੇ ਸਟੇਸ਼ਨ ’ਤੇ ਪਹੁੰਚੇ ਅਤੇ ਸਾਰਾ ਦਿਨ ਰੇਲ ਗੱਡੀਆਂ ਵਿੱਚ ਸਿਰਫ਼ ਯੂਕਰੇਨ ਦੇ ਵਸਨੀਕਾਂ ਨੂੰ ਹੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਜਦੋਂ ਭਾਰਤੀ ਨੌਜਵਾਨ ਰੇਲ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸੀ ਤਾਂ ਉਨ੍ਹਾਂ ਨੂੰ ਧੱਕੇ ਮਾਰ ਕੇ ਹੇਠਾਂ ਉਤਾਰ ਦਿੱਤਾ ਜਾਂਦਾ ਸੀ। ਇਹੀ ਨਹੀਂ ਯੂਕਰੇਨ ਦੇ ਸੁਰੱਖਿਆ ਅਮਲੇ ਵੱਲੋਂ ਭੀੜ ਨੂੰ ਖਦੇੜਨ ਲਈ ਫਾਇਰਿੰਗ ਕੀਤੀ ਗਈ। ਜਿਸ ਕਾਰਨ ਉਹ ਕਾਫ਼ੀ ਦਹਿਸ਼ਤ ਵਿੱਚ ਹਨ। ਉਨ੍ਹਾਂ ਆਪਣੇ ਮਾਪਿਆਂ ਨੂੰ ਭੇਜੀ ਇਸ ਵੀਡੀਓ ਵਿੱਚ ਮਦਦ ਦੀ ਗੁਹਾਰ ਲਗਾਈ ਹੈ। ਇਸ ਦੌਰਾਨ ਮੈਡੀਕਲ ਯੂਨੀਵਰਸਿਟੀ ਦੇ ਭਾਰਤੀ ਅਧਿਆਪਕ ਕਰਨ ਸੰਧੂ ਨੇ ਅੰਬੈਸੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਜਿਸ ਕਾਰਨ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਤੋਂ ਅੱਗੇ 11 ਕਿੱਲੋਮੀਟਰ ਹੋਰ ਪੈਦਲ ਲੰਮਾ ਪੈਂਡਾਂ ਤੈਅ ਕਰਨਾ ਪਿਆ।
(ਬਾਕਸ ਆਈਟਮ)
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਕਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਵੇਰਵੇ ਇਕੱਤਰ ਕਰਨ ਲਈ ਪਹਿਲਾਂ ਤੋਂ ਹੀ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ 0172-2219505 ਅਤੇ 0172-2219506 ਜਾਰੀ ਕਰਕੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਤਾਂ ਜੋ ਪੀੜਤ ਵਿਅਕਤੀਆਂ ਦੀ ਜਾਣਕਾਰੀ ਪੰਜਾਬ ਸਰਕਾਰ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾ ਸਕੇ। ਇਹ ਹੈਲਪਲਾਈਨ ਨੰਬਰ 24 ਘੰਟੇ ਖੁੱਲ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੇ ਬੱਚੇ ਯੂਕਰੇਨ ਵਿੱਚ ਫਸੇ ਹੋਏ ਹਨ, ਉਹ ਇਸ ਹੈਲਪਲਾਈਨ ’ਤੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਯੂਕਰੇਨ ਵਿੱਚ ਫਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਮ, ਯੂਕਰੇਨ ਵਿੱਚ ਉਸ ਦਾ ਪਤਾ ਸਮੇਤ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤਾਂ ਜੋ ਸਾਰੀ ਲੋੜੀਂਦੀ ਜਾਣਕਾਰੀ ਸੂਬਾ ਸਰਕਾਰ ਰਾਹੀਂ ਯੂਕਰੇਨ ਅਤੇ ਅੰਬੈਸੀ ਦੇ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…