ਟਿਊਸ਼ਨ ਫੀਸ ਮੰਗਣ ’ਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਖ਼ਿਲਾਫ਼ ਰੋਸ ਪ੍ਰਦਰਸ਼ਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਜੂਨ:
ਇੱਥੋਂ ਦੇ ਐਨੀਸ ਸਕੂਲ ਦੇ ਬਾਹਰ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਉਨ੍ਹਾਂ ਤੋਂ ਟਿਊਸ਼ਨ ਫੀਸ ਦੇ ਰੂਪ ਵਿੱਚ ਮੋਟੀ ਰਕਮ ਮੰਗਣ ’ਤੇ ਰੋਸ ਪ੍ਰਗਟ ਕਰਦਿਆਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਮਾਪਿਆਂ ਜਿਨ੍ਹਾਂ ਵਿੱਚ ਅਨੀਤਾ ਸੂਦ, ਹਰਪ੍ਰੀਤ ਕੌਰ, ਦਲਜੀਤ, ਰਿੰਕੂ, ਹਰਪ੍ਰੀਤ, ਬੰਟੀ, ਤਰਨ ਕੋਹਲ ਅਤੇ ਹੋਰਨਾਂ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਉਨ੍ਹਾਂ ਤੋਂ ਟਿਊਸ਼ਨ ਫੀਸ ਦੇ ਨਾਂ ਤੇ 8500 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਜਿਹੜੀ ਅਦਾ ਕਰਨੀ ਉਨ੍ਹਾਂ ਦੇ ਬਸ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਚੱਲਦਿਆਂ ਸਭ ਕੰਮ ਕਾਰ ਬੰਦ ਹੋਣ ਕਾਰਨ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਹੇ ਹਨ। ਅਜਿਹੇ ਅੌਖੇ ਸਮੇਂ ਉਹ ਫੀਸਾਂ ਦੇਣ ਤੋਂ ਪੂਰੀ ਤਰ੍ਹਾਂ ਅਸਮਰੱਥ ਹਨ। ਮਾਪਿਆਂ ਨੇ ਕਿਹਾ ਕਿ ਸਕੂਲ ਵੱਲੋਂ ਫੀਸ ਨੂੰ ਜਮ੍ਹਾਂ ਕਰਵਾਉਣ ਲਈ ਉਨ੍ਹਾਂ ਨੂੰ ਮੈਸੇਜ ਭੇਜੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਟਿਊਸ਼ਨ ਫੀਸ ਲਈ ਉਹ ਬਣਦੀ ਜਾਇਜ ਫੀਸ ਦੇਣ ਲਈ ਤਿਆਰ ਹਨ ਪ੍ਰੰਤੂ ਇੰਨੀ ਵੱਡੀ ਰਕਮ ਦੇਣ ਤੋੱ ਪੂਰੀ ਤਰ੍ਹਾਂ ਇਨਕਾਰੀ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਸਕੂਲ ਪ੍ਰਬੰਧਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਇਹ ਰੋਸ ਮੁਜ਼ਾਹਰਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਸ ਮੰਗ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਤਾਂ ਉਹ ਜਨ ਅੰਦੋਲਨ ਸ਼ੁਰੂ ਕਰਨਗੇ।
ਉਧਰ, ਐਨੀਜ ਸਕੂਲ ਦੇ ਚੇਅਰਮੈਨ ਅਨੀਤ ਗੋਇਲ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਮਾਪਿਆਂ ’ਚੋਂ 4-5 ਵਿਅਕਤੀ ਅਜਿਹੇ ਸਨ। ਜਿਨ੍ਹਾਂ ਦੇ ਬੱਚੇ ਉਨ੍ਹਾਂ ਕੋਲ ਪੜ੍ਹਦੇ ਸਨ ਅਤੇ ਬਾਕੀ ਸਿਰਫ਼ ਬਿਨਾਂ ਵਜ੍ਹਾ ਭੀੜ ਇਕੱਠੀ ਹੋਈ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਉਨ੍ਹਾਂ ਦੇ ਸਕੂਲ ਨੂੰ ਬਦਨਾਮ ਕਰਨ ਲਈ ਅਜਿਹਾ ਕਰ ਰਹੇ ਹਨ ਜਦੋਂਕਿ ਕੁਝ ਸਿਆਸੀ ਲੋਕਾਂ ਨੇ (ਆਪਣੇ ਫਾਇਦ ਲਈ) ਇਸ ਇਕੱਠ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕਟ ਦੇ ਚੱਲਦਿਆਂ ਇਸ ਵਰ੍ਹੇ ਫੀਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਉਂਜ ਵੀ ਜ਼ਿਆਦਾਤਰ ਵਿਦਿਆਰਥੀਆਂ ਦੇ ਮਾਪੇ ਸਕੂਲ ਆ ਕੇ ਆਪਣੇ ਪੱਧਰ ’ਤੇ ਫੀਸਾਂ ਜਮ੍ਹਾਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਸਾਡੇ ਕੋਲ ਆਏ ਸਨ, ਉਨ੍ਹਾਂ ਦੀ ਉਹ ਪਹਿਲਾਂ ਹੀ 50 ਫੀਸਦੀ ਤੋਂ ਵੱਧ ਫੀਸ ਮੁਆਫ਼ ਕਰ ਚੁੱਕੇ ਹਨ ਅਤੇ ਬਾਕੀ ਕੁਝ ਲੋਕਾਂ ਨੂੰ ਗਲਤਫਹਿਮੀ ਹੋ ਗਈ ਸੀ ਕਿ ਉਹ ਫੀਸ ਜ਼ਿਆਦਾ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਸਾਲਾਨਾ ਫੀਸ ਵਿੱਚ 15 ਫੀਸਦੀ ਕਟੌਤੀ ਕਰ ਚੁੱਕੇ ਹਨ ਅਤੇ ਸਕੂਲ ਵੱਲੋਂ ਪੇਪਰਾਂ ਦੀ ਫੀਸ ਮੰਗੇ ਜਾਣ ਸਬੰਧੀ ਮਾਪਿਆਂ ਦੇ ਇਲਜਾਮ ਬਾਰੇ ਉਨ੍ਹਾਂ ਕਿਹਾ ਕਿ ਪੇਪਰ ਫੀਸ ਉਦੋਂ ਹੀ ਲਈ ਜਾਵੇਗੀ ਜਦੋਂ ਪੇਪਰ ਹੋਣਗੇ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…