
ਫੀਸਾਂ ਮੰਗਣ ਦਾ ਵਿਰੋਧ: ਸੇਂਟ ਸੋਲਜਰ ਸਕੂਲ ਦੇ ਬਾਹਰ ਮਾਪਿਆਂ ਨੇ ਦਿੱਤਾ ਧਰਨਾ
ਸਕੂਲ ਫੀਸ ਤੇ ਟਰਾਂਸਪੋਰਟ ਚਾਰਜ ਮੰਗਣ ’ਤੇ ਭੜਕੇ ਮਾਪਿਆਂ ਨੇ ਪ੍ਰਬੰਧਕਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਸਥਾਨਕ ਫੇਜ਼ 7 ਦੇ ਸੈਂਟ ਸੋਲਜਰ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਵੱਲੋਂ ਮੰਗੀਆਂ ਜਾਣ ਵਾਲੀਆਂ ਫੀਸਾਂ ਦੇ ਵਿਰੋਧ ਵਿੱਚ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ। ਪ੍ਰਦਰਸ਼ਨ ਕਰਨ ਵਾਲੇ ਮਾਪਿਆਂ ਬਾਲਾ, ਰੀਤੂ, ਪ੍ਰਲਾਦ ਸਿੰਘ ਨੇ ਕਿਹਾ ਕਿ ਕੋਰੋਨਾ ਮਾਹਾਂਮਾਰੀ ਦੇ ਚਲਦੇ ਲਾਕਡਾਊਨ ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਹਨ ਅਤੇ ਹੁਣ ਉਹ ਪੂਰੀ ਤਰ੍ਹਾਂ ਬੇਰੁਜ਼ਗਾਰ ਹੋ ਗਏ ਹਨ ਅਤੇ ਇਸ ਸੰਕਟ ਦੇ ਸਮੇੱ ਵਿੱਚ ਉਹ ਸਕੂਲਾਂ ਦੀ ਫੀਸ ਦੇਣ ਤੋਂ ਪੂਰੀ ਤਰ੍ਹਾਂ ਅਸਮਰਥ ਹਨ ਪਰੰਤੂ ਇਸਦੇ ਬਾਵਜੂਦ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਤੋਂ ਲਗਾਤਾਰ ਫੀਸ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਸਕੂਲ ਪਿਛਲੇ ਕਈ ਮਹੀਨਿਆਂ ਤੋਂ ਬੰਦ ਹਨ ਅਤੇ ਬੱਚੇ ਵੀ ਘਰਾਂ ਵਿੱਚ ਹਨ। ਹੋਰ ਤਾਂ ਹੋਰ ਸਕੂਲ ਪ੍ਰਬੰਧਕਾਂ ਵੱਲੋਂ ਉਹਨਾਂ ਤੋਂ ਟਰਾਂਸਪੋਰਟੇਸ਼ਨ ਚਾਰਜ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਦੋਂਕਿ ਨਾ ਤਾਂ ਸਕੂਲ ਖੁੱਲੇ ਹਨ ਅਤੇ ਹੀ ਬੱਚਿਆਂ ਨੂੰ ਸਕੂਲ ਲਿਜਾਇਆ ਜਾਂ ਘਰਾਂ ਤਕ ਪਹੁੰਚਾਇਆ ਗਿਆ ਹੈ ਫਿਰ ਟਰਾਂਸਪੋਰਟੇਸ਼ਨ ਚਾਰਜ ਦਾ ਕੀ ਮਤਲਬ ਹੈ।
ਉਹਨਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਲਗਾਤਾਰ ਫੀਸਾਂ ਭਰਵਾਉਣ ਲਈ ਵਾਟਸਐਪ ਅਤੇ ਈ-ਮੇਲ ਰਾਹੀਂ ਮੈਸੇਜ ਭੇਜੇ ਜਾਂਦੇ ਹਨ ਜਿਸ ਕਾਰਨ ਬੱਚਿਆਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦੀਆਂ ਅੱਖਾਂ ਦੇ ਨਾਲ-ਨਾਲ ਹੈੱਡ ਫੋਨ ਦੀ ਵਰਤੋਂ ਕਾਰਨ ਉਨ੍ਹਾਂ ਦੇ ਕੰਨਾਂ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਦੇ ਨਾਲ ਹੀ ਕਈ ਮਾਪੇ ਅਜਿਹੇ ਵੀ ਹਨ ਜਿਨਾਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਸਬੰਧੀ ਜਿਆਦਾ ਜਾਣਕਾਰੀ ਹੀ ਨਹੀਂ ਹੈ ਜਿਸ ਕਾਰਨ ਉਨਾਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹ ਸਕੂਲਾਂ ਨੂੰ ਇਸ ਸਾਲ ਦੀ ਫੀਸ ਨਹੀਂ ਦੇਣਗੇ ਅਤੇ ਜੇ ਕਰ ਇਸ ਨਾਲ ਬੱਚਿਆਂ ਦਾ ਸਾਲ ਖਰਾਬ ਹੁੰਦਾ ਹੈ ਤਾਂ ਉਹ ਅਗਲੇ ਸਾਲ ਉਨ੍ਹਾਂ ਦੀ ਪੜ੍ਹਾਈ ਕਰਵਾ ਦੇਣਗੇ।
ਇਸ ਮੌਕੇ ਸਮਾਜ ਸੇਵੀ ਸੰਸਥਾ ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਦੀ ਆੜ ਲੈ ਕੇ ਸਕੂਲ ਪ੍ਰੰਬਧਕਾਂ ਵੱਲੋਂ ਲੁੱਟ ਮਚਾਈ ਜਾ ਰਹੀ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਵਲੋੱ ਮਾਪਿਆਂ ਨੂੰ ਫੀਸਾਂ ਅਤੇ ਹੋਰ ਖਰਚੇ ਦੇਣ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੱਥੋਂ ਤੱਕ ਹਾਈ ਕੋਰਟ ਦੇ ਫੈਸਲੇ ਦਾ ਸਵਾਲ ਹੈ ਤਾਂ ਹਾਈ ਕੋਰਟ ਦੇ ਡਬਲ ਬੈਚ ਤੇ ਉਨ੍ਹਾਂ ਵੱਲੋਂ ਵੀ ਇੱਕ ਪਟੀਸ਼ਨ ਪਾਈ ਹੋਈ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਦੇ ਖ਼ਿਲਾਫ਼ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰਣਗੇ।
ਇਸ ਦੌਰਾਨ ਸਕੂਲ ਦੇ ਬੱਸ ਆਪਰੇਟਰ ਸੰਦੀਪ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਬੀਤੇ ਮਹੀਨਿਆਂ ਦੇ ਟਰਾਂਸਪੋਰਟ ਦਾ ਕੋਈ ਵੀ ਖਰਚ ਮਾਪਿਆਂ ਤੋਂ ਨਹੀਂ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਬੱਚੇ ਸਕੂਲ ਹੀ ਨਹੀਂ ਗਏ ਹਨ ਤਾਂ ਉਹ ਟਰਾਂਸਪੋਰਟ ਦਾ ਖਰਚਾ ਕਿਵੇਂ ਲੈ ਸਕਦੇ ਹਨ। ਉਹਨਾਂ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਜਿੱਥੇ ਮਾਪਿਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਉੱਥੇ ਇਸਦੇ ਨਾਲ ਹੀ ਸਕੂਲ ਵਿੱਚ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸਕੂਲ ਦੇ ਪ੍ਰਬੰਧਕਾਂ ਨੇ ਕੈਮਰੇ ਦੇ ਸਾਮ੍ਹਣੇ ਕੋਈ ਵੀ ਗੱਲ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਹਨਾਂ ਕਿਹਾ ਤੇ ਸਕੂਲ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਹੀ ਫੀਸ ਮੰਗੀ ਜਾ ਰਹੀ ਹੈ ਜਿਸ ਵਿੱਚ ਕੁੱਝ ਵੀ ਗਲਤ ਨਹੀਂ ਹੈ।