ਪੰਜਾਬ ਵਿੱਚ ਮਾਪਿਆਂ ਦਾ ਸਰਕਾਰੀ ਸਕੂਲਾਂ ਦੀ ਗੁਣਾਤਮਿਕ ਸਿੱਖਿਆ ਵਿੱਚ ਵਿਸਵਾਸ਼ ਵਧਿਆ: ਕ੍ਰਿਸ਼ਨ ਕੁਮਾਰ

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਇਨਜ਼ ਪਟਿਆਲਾ ਵਿੱਚ ਇੱਕ ਦਿਨ ’ਚ 855 ਵਿਦਿਆਰਥੀਆਂ ਨੇ ਲਿਆ ਦਾਖ਼ਲਾ

ਪ੍ਰਾਈਵੇਟ ਸਕੂਲਾਂ ਤੋਂ 800 ਵਿਦਿਆਰਥੀ ਦਾਖ਼ਲਾ ਲੈਣ ਪਹੁੰਚੇ, ਪਟਿਆਲਾ ਦੇ 1 ਪ੍ਰਾਈਵੇਟ ਸਕੂਲ ਦੇ ਸੀਨੀਅਰ ਸੈਕੰਡਰੀ ਵਿੰਗ ਦਾ ਖਾਤਾ ਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਸਿੱਖਿਆ ਵਿਭਾਗ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਤਕੀਂ ਬੱਚਿਆਂ ਦੇ ਦਾਖ਼ਲਿਆਂ ਵਿੱਚ ਸੁਧਾਰ ਆਉਣ ਅਤੇ ਵੱਡੇ ਪੱਧਰ ’ਤੇ ਦਾਖ਼ਲੇ ਹੋਣ ਦਾ ਦਾਅਵਾ ਕੀਤਾ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ 18 ਦਸੰਬਰ 2018 ਤੋਂ ‘ਈਚ ਵਨ ਬਰਿੰਗ ਵਨ ਦਾਖ਼ਲਾ’ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਦਾਖ਼ਲਿਆਂ ਲਈ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਅਤੇ ਜਾਗਰੂਕਤਾ ਰੈਲੀਆਂ ਕਰਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਹੈ।
ਸਿੱਖਿਆ ਵਿਭਾਗ ਨੇ ਸਿਵਲ ਲਾਇਨਜ਼ ਸਮਾਰਟ ਸਕੂਲ ਦੇ ਪ੍ਰਿੰਸੀਪਲ ਡਾ. ਜਰਨੈਲ ਸਿੰਘ ਕਾਲੇਕੇ ਦੇ ਹਵਾਲੇ ਨਾਲ ਦੱਸਿਆ ਕਿ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਇਨਜ਼ ਪਟਿਆਲਾ ਵਿੱਚ ਹੁਣ ਤੱਕ 855 ਦੇ ਕਰੀਬ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ 800 ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਆਏ ਹਨ। ਸਕੂਲ ਵਿੱਚ ਨਰਸਰੀ ਜਮਾਤਾਂ ਵਿੱਚ 74, ਪਹਿਲੀ ਤੋਂ ਪੰਜਵੀਂ ਤੱਕ 200, ਛੇਵੀਂ ਤੋਂ ਅੱਠਵੀਂ ਤੱਕ 207, ਨੌਵੀਂ ਤੋਂ ਦਸਵੀਂ 57 ਅਤੇ ਗਿਆਰ੍ਹਵੀਂ ਤੇ ਬਾਰ੍ਹਵੀਂ 317 ਵਿਦਿਆਰਥੀਆਂ ਨੇ ਦੇਰ ਸ਼ਾਮ ਤੱਕ ਚੱਲੀ ਦਾਖ਼ਲਾ ਪ੍ਰਕਿਰਿਆ ਰਾਹੀਂ ਦਾਖ਼ਲਾ ਲਿਆ ਹੈ ਜਦੋਂਕਿ ਸਕੂਲ ਦੇ ਆਪਣੇ ਦਸਵੀਂ ਦੇ ਪਾਸ ਆਊਟ ਵਿਦਿਆਰਥੀਆਂ ਨੇ ਹਾਲੇ ਦਾਖ਼ਲਾ ਲੈਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਦਾਖ਼ਲਾ ਪ੍ਰਕਿਰਿਆ ਜਾਰੀ ਰਹੇਗੀ।
ਦੱਸਿਆ ਗਿਆ ਹੈ ਸਿੱਖਿਆ ਵਿਭਾਗ ਦਾ ਸਿਵਲ ਲਾਇਨਜ਼ ਸਕੂਲ ਸਿੱਖਿਆ ਦੇ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਰੱਖਦਾ ਹੈ ਅਤੇ ਸਾਰੀ ਹੀ ਸਿੱਖਿਆ ਅੰਗਰੇਜ਼ੀ ਮਾਧਿਅਮ ਵਿੱਚ ਦਿੱਤੀ ਜਾਂਦੀ ਹੈ। ਇਸ ਸਾਲ ਸਿਵਲ ਲਾਇਨਜ਼ ਸਕੂਲ ਵਿੱਚ ਦਾਖ਼ਲਾ ਖੋਲ੍ਹਣ ਨਾਲ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਇਹ ਜਾਣਕਾਰੀ ਮਿਲੀ ਹੈ ਕਿ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੀ ਤਾਂ ਸੀਨੀਅਰ ਸੈਕੰਡਰੀ ਬ੍ਰਾਂਚ ਹੀ ਬੰਦ ਹੋ ਗਈ ਹੈ ਅਤੇ ਸਾਰੇ ਵਿਦਿਆਰਥੀ ਸਿਵਲ ਲਾਇਨਜ਼ ਵਿੱਚ ਦਾਖ਼ਲ ਹੋ ਚੁੱਕੇ ਹਨ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਦੌਰਾਨ ਵਿਦਿਆਰਥੀਆਂ ਦੇ ਭਵਿੱਖ ਅਤੇ ਮਾਪਿਆਂ ਦੇ ਖਰਚ ਨੂੰ ਘਟਾ ਕੇ ਵੱਧ ਤੋਂ ਵੱਧ ਗੁਣਾਤਮਿਕ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਦਰ ਵਧਣ ਦਾ ਮੁੱਖ ਕਾਰਨ ਹੈ। ਮਾਪਿਆਂ ਵੱਲੋਂ ਇਸ ਸਾਲ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦਾ ਫੈਸਲਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਪੰਜਾਬੀ ਮਾਧਿਅਮ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਦੀਆਂ ਕਿਤਾਬਾਂ ਵੀ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਤਾਂ ਜੋ ਬੱਚਿਆਂ ਦੀ ਗਿਣਤੀ ਅਨੁਸਾਰ ਮਾਧਿਅਮ ਅਨੁਸਾਰ ਕਿਤਾਬਾਂ ਦੀ ਪੂਰਤੀ ਸਮੇਂ ਸਿਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲ ਮੁਖੀਆਂ ਵੱਲੋਂ ਨਵੇਂ ਸਿੱਖਿਆ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…