nabaz-e-punjab.com

ਸਰਕਾਰੀ ਸਕੂਲ ਫੇਜ਼-11 ਦੇ ਬਾਹਰ ਟੋਲੀਆਂ ਬੰਨ੍ਹ ਕੇ ਖੜ੍ਹਦੇ ਨੌਜਵਾਨਾਂ ਤੋਂ ਮਾਪੇ ਤੰਗ ਪ੍ਰੇਸ਼ਾਨ

ਪੀੜਤ ਅੌਰਤ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸ਼ਿਕਾਇਤ ਦੇ ਕੇ ਮੁਸ਼ਟੰਡੇ ਨੌਜਵਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਇੱਥੋਂ ਦੇ ਫੇਜ਼-11 ਦੀ ਵਸਨੀਕ ਇਕ ਅੌਰਤ ਨੇ ਮੁਹਾਲੀ ਦੇ ਐਸਐਸਪੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਰਕਾਰੀ ਸਕੂਲ ਦੇ ਬਾਹਰ ਟੋਲੀਆਂ ਬੰਨ੍ਹ ਕੇ ਖੜੇ ਰਹਿੰਦੇ ਵਿਹਲੜ ਕਿਸਮ ਦੇ ਨੌਜਵਾਨਾਂ ਵੱਲੋਂ ਅਕਸਰ ਵਿਦਿਆਰਥਣਾਂ ਨਾਲ ਕਥਿਤ ਛੇੜਛਾੜ ਕੀਤੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮੁਸ਼ਟੰਡੇ ਨੌਜਵਾਨਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੀੜਤ ਅੌਰਤ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਸਰਕਾਰੀ ਸਕੂਲ ਫੇਜ਼-11 ਵਿੱਚ ਜ਼ਿਆਦਾ ਬੱਚੇ ਦਾਖ਼ਲ ਹੋਣ ਕਰਕੇ ਇਹ ਸਕੂਲ ਦੋ ਸ਼ਿਫਟਾਂ ਵਿੱਚ ਚਲਦਾ ਹੈ। ਛੇਵੀਂ ਤੋਂ ਬਾਰ੍ਹਵੀਂ ਜਮਾਤ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਹੈ ਜਦੋਂਕਿ ਪਹਿਲੀ ਤੋਂ ਛੇਵੀਂ ਤੱਕ ਸ਼ਾਮ ਨੂੰ ਕਲਾਸਾਂ ਲੱਗਦੀਆਂ ਹਨ।
ਉਨ੍ਹਾਂ ਕਿਹਾ ਕਿ ਸਵੇਰ ਦੇ ਸੈਸ਼ਨ ਦੀ ਛੁੱਟੀ ਤੋਂ ਪਹਿਲਾਂ ਹੀ ਸਕੂਲ ਦੇ ਆਲੇ-ਦੁਆਲੇ ਕੁਝ ਸ਼ਰਾਰਤੀ ਅਨਸਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਜੋ ਆਉਂਦੇ ਜਾਂਦੇ ਸਕੂਲ ਦੀਆਂ ਵਿਦਿਆਰਥੀਆਂ ਅਤੇ ਹੋਰ ਸੜਕ ’ਤੇ ਤੁਰੀ ਜਾਂਦੀਆਂ ਕੁੜੀਆਂ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਜੇਕਰ ਕੋਈ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਝਗੜੇ ’ਤੇ ਉਤਰ ਆਉਂਦੇ ਹਨ।
ਅੌਰਤ ਨੇ ਪੱਤਰ ਵਿੱਚ ਲਿਖਿਆ ਹੈ ਕਿ ਉਸ ਦੀ ਬੱਚੀ ਸਕੂਲ ਦੀ ਤੀਜੀ ਜਮਾਤ ਵਿੱਚ ਪੜ੍ਹਦੀ ਹੈ ਅਤੇ ਉਹ ਰੋਜ਼ਾਨਾ ਆਪਣੀ ਬੇਟੀ ਨੂੰ ਸਕੂਲ ਛੱਡਣ ਜਾਂਦੀ ਹੈ ਅਤੇ ਰੋਜ਼ਾਨਾ ਹੀ ਨੌਜਵਾਨਾਂ ਦੀਆਂ ਹਰਕਤਾਂ ਨੂੰ ਦੇਖ ਕੇ ਉਸ ਨੂੰ ਆਪਣੀ ਬੇਟੀ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਸ਼ਿਕਾਇਤਕਰਤਾ ਅੌਰਤ ਦੇ ਦੱਸਣ ਅਨੁਸਾਰ ਇਕ ਦਿਨ ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਗੱਲੀਂ-ਬਾਤੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨਾਲ ਝਗੜਾ ਕਰਨ ’ਤੇ ਉਤਾਰੂ ਹੋ ਗਏ ਅਤੇ ਉਸ ਦੀ ਬਾਂਹ ਮਰੋੜ ਦਿੱਤੀ। ਇਸ ਦੌਰਾਨ ਕੁਝ ਹੋਰ ਨੌਜਵਾਨ ਉਸ ਨੂੰ ਧਮਕੀਆਂ ਦੇਣ ਲੱਗ ਪਏ। ਜਿਸ ਕਾਰਨ ਉਸ ਨੇ ਪੁਲੀਸ ਕੰਟਰੋਲ ਰੂਮ ਵਿੱਚ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਸੂਚਨਾ ਮਿਲਦੇ ਹੀ ਪੀਸੀਆਰ ਪਾਰਟੀ ਉੱਥੇ ਪਹੁੰਚ ਗਈ। ਇਸ ਤਰ੍ਹਾਂ ਕਰੀਬ ਦੋ ਤਿੰਨ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਇਹ ਨੌਜਵਾਨ ਫਿਰ ਤੋਂ ਸਕੂਲ ਦੇ ਬਾਹਰ ਟੋਲੀਆਂ ਕਿ ਬੰਨ੍ਹ ਖੜ੍ਹਨ ਲੱਗ ਪਏ ਹਨ।
ਉਧਰ, ਥਾਣਾ ਫੇਜ਼-11 ਦੇ ਐਸਐਚਓ ਕੁਲਬੀਰ ਸਿੰਘ ਕੰਗ ਨੇ ਕਿਹਾ ਕਿ ਇਸ ਸਬੰਧੀ ਅਜੇ ਤਾਈਂ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪ੍ਰੰਤੂ ਹੁਣ ਇਹ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਉਹ ਖ਼ੁਦ ਗਸ਼ਤ ਕਰਨਗੇ ਅਤੇ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਥਾਣਾ ਮੁਖੀ ਨੇ ਪੀੜਤ ਅੌਰਤ ਨੂੰ ਭਰੋਸਾ ਦਿੱਤਾ ਕਿ ਗੁੰਡਾ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਕੂਲ ਦੇ ਬਾਹਰ ਪੀਸੀਆਰ ਦੇ ਜਵਾਨ ਜਾਂ ਥਾਣੇ ’ਚੋਂ ਪੁਲੀਸ ਕਰਮੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਪੀੜਤ ਅੌਰਤ ਅਤੇ ਹੋਰਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਧੇ ਤੌਰ ’ਤੇ ਜਦੋਂ ਮਰਜ਼ੀ ਉਨ੍ਹਾਂ ਨਾਲ ਤਾਲਮੇਲ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…