
ਪੰਚਾਇਤ ਵੱਲੋਂ ਪਿੰਡ ਨਿੰਬੂਆ ਵਿਖੇ ਉਸਾਰਿਆ ਪਾਰਕ
ਬੀਡੀਪੀਓ ਦੀ ਪਹਿਲਕਦਮੀ ਸਦਕਾ ਨਿੱਜੀ ਕੰਪਨੀ ਦੇ ਸਹਿਯੋਗ ਨਾਲ ਲੋਕਾਂ ਦੀ ਸੈਰ ਕਰਨ ਲਈ ਉਸਾਰਿਆ ਪਾਰਕ
ਪਿੰਡ ਸਰਸੀਣੀ ਵਿਖੇ ਉਸਾਰੇ ਦੋ ਮਿੰਨੀ ਫੋਰੈਸਟ
ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 6 ਅਗਸਤ:
ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸੁਖਚੈਨ ਸਿੰਘ ਦੀ ਪਹਿਲਕਦਮੀ ਸਦਕਾ ਪਿੰਡ ਨਿੰਬੂਆ ਵਿਖੇ ਲੋਕਾਂ ਦੀ ਸੈਰ ਕਰਨ ਲਈ ਪਾਰਕ ਉਸਾਰਿਆ ਗਿਆ ਹੈ। ਬੀਡੀਪੀਓ ਸੁਖਚੈਨ ਸਿੰਘ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਪਿੰਡ ਨਿੰਬੂਆ ਸਮੇਤ ਇਲਾਕੇ ਵਿੱਚ ਚਰਚਾ ਬਣੀ ਹੋਈ ਹੈ ‘ਤੇ ਲੋਕਾਂ ਵੱਲੋਂ ਪਿੰਡਾਂ ਵਿੱਚ ਪਾਰਕ ਉਸਾਰਨ ਦੀ ਸਲਾਘਾ ਕੀਤੀ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਬੀਡੀਪੀਓ ਸੁਖਚੈਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਲੋਕਾਂ ਦੀ ਸੈਰ ਕਰਨ ਲਈ ਕੋਈ ਥਾਂ ਨਹੀ ਸੀ। ਇਸਦੇ ਚਲਦਿਆਂ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਨਿੱਜੀ ਕੰਪਨੀ ਸਰਸਵਤੀ ਐਗਰੋ ਦੇ ਸਹਿਯੋਗ ਨਾਲ ਪਿੰਡ ਦੇ ਟੋਭੇ ਦੇ ਕੰਢੇ ਪਾਰਕ ਉਸਾਰਿਆ ਗਿਆ ਹੈ। ਇਸ ਪਾਰਕ ‘ਤੇ ਪੰਜ ਲੱਖ ਰੁਪਏ ਖਰਚ ਆਏ ਹਨ। ਇਸ ਵਿੱਚੋਂ ਚਾਰ ਲੱਖ ਉੱਕਤ ਕੰਪਨੀ ਵੱਲੋਂ ਦਿੱਤੇ ਗਏ ਹਨ ਜਦਕਿ ਇਕ ਲੱਖ ਰੁਪਏ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਖਰਚ ਕੀਤੇ ਗਏ ਹਨ। ਪਾਰਕ ਵਿੱਚ ਲੋਕਾਂ ਦੇ ਸੈਰ ਕਰਨ ਲਈ ਟਰੈਕ ਉਸਾਰਨ ਤੋਂ ਇਲਾਕਾ ਬੈਠਣ ਲਈ ਅੰਗਰੇਜ਼ੀ ਘਾਹ, ਛਾਂਦਾਰ ਅਤੇ ਫੱਲਦਾਰ ਬੂਟੇ, ਰੌਸ਼ਨੀ ਲਈ ਸੋਲਰ ਲਾਈਟਾਂ ਵੀ ਲਗਾਈਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦਾ ਸਰਪੰਚ ਰਘਬੀਰ ਸਿੰਘ, ਮਨਦੀਪ ਸਿੰਘ ਪੰਚਾਇਤ ਅਫਸਰ, ਮਹੇਸ਼ ਕੁਮਾਰ ਏ.ਈ. ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਬੀਡੀਪੀਓ ਨੇ ਦੱਸਿਆ ਕਿ ਪਿੰਡ ਸਰਸੀਣੀ ਵਿਖੇ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਸ਼ਮਸ਼ਾਨਘਾਟ ਵਿਖੇ ਦੋ ਮਿੰਨੀ ਫੋਰੈਸਟ ਸਥਾਪਤ ਕੀਤੇ ਗਏ ਹਨ। ਦੋ ਦੋ ਕਨਾਲ ਵਿੱਚ ਸਥਾਪਤ ਕੀਤੇ ਇਹ ਮਿੰਨੀ ਫੋਰੈਸਟ ਖੇਤਰ ਵਿੱਚ 400-400 ਬੂਟੇ ਲਾਏ ਗਏ ਹਨ। ਇਨ•ਾਂ ਬੂਟਿਆਂ ਨੂੰ ਲਾਉਣ ਲਈ ਸਾਰੀ ਲੇਬਰ ਨਰੇਗਾ ਸਕੀਮ ਅਧੀਨ ਦਿੱਤੀ ਗਈ ਹੈ। ਇਹ ਸਾਰੇ ਬੂਟੇ ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਮੁਫ਼ਤ ਦਿੱਤੇ ਗਏ ਹਨ। ਸੂਬੇ ਵਿੱਚ ਦੇਸ਼ੀ ਨਸਲਾਂ ਖ਼ਤਮ ਹੁੰਦੀ ਜਾ ਰਹੀ ਹਨ ਜਿਸ ਨੂੰ ਦੇਖਦਿਆਂ ਇਥੇ ਜੰਡ, ਫੁਲਾਈ, ਦੇਸੀ ਕਿੱਕਰ, ਰੋੜੂ, ਰੋਹੇੜਾ, ਅੱਕ, ਲਸੋਰਾ, ਪੀਲੂ ਵਰਗੇ ਬੂਟੇ ਲਾਏ ਗਏ ਹਨ। ਇਸ ਮੌਕੇ ਪਿੰਡ ਦੀ ਸਰਪੰਚ ਬਲਵਿੰਦਰ ਕੌਰ, ਜਸਵਿੰਦਰਜੀਤ ਸਿੰਘ ਪੰਚਾਇਤ ਸਕੱਤਰ, ਭੁਪਿੰਦਰ ਸਿੰਘ, ਫਾਊਂਡੇਸ਼ਨ ਦੇ ਅਧਿਕਾਰੀ ‘ਤੇ ਪੰਚਾਇਤ ਮੈਂਬਰ ਹਾਜ਼ਰ ਸਨ।