
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਮੁਹਾਲੀ ਵਿਖੇ ਸ਼ਾਨਦਾਰ ਸਵਾਗਤ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਮਾਨਵਤਾ ਤੇ ਧਰਮ ਦੀ ਰੱਖਿਆ ਲਈ ਬਲੀਦਾਨ ਦਿੱਤਾ: ਚੰਦੂਮਾਜਰਾ
ਨੌਜਵਾਨ ਨਸ਼ਿਆਂ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਸਿੱਖ ਵਿਰਸੇ ਨਾਲ ਜੁੜਨ: ਬੀਬੀ ਲਾਂਡਰਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ:
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਸ਼ਵ ਪੱਧਰ ’ਤੇ ਮਨਾਏ ਜਾਣ ਵਾਲੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਅਲੌਕਿਕ ਨਗਰ ਕੀਰਤਨ ਦਾ ਮੁਹਾਲੀ ਵਿੱਚ ਪਹੁੰਚਣ ’ਤੇ ਸਿੱਖ ਲੀਡਰਸ਼ਿਪ ਅਤੇ ਇਲਾਕੇ ਦੀ ਸੰਗਤ ਨੇ ਸ਼ਾਨਦਾਰ ਸਵਾਗਤ ਕੀਤਾ। ਇਹ ਨਗਰ ਕੀਰਤਨ ਰਾਤੀ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਵਿਸ਼ਰਾਮ ਕਰਨ ਤੋਂ ਬਾਅਦ ਐਤਵਾਰ ਨੂੰ ਸਵੇਰੇ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਮੈਂਬਰ ਪਰਮਜੀਤ ਕੌਰ ਲਾਂਡਰਾਂ, ਚਰਨਜੀਤ ਸਿੰਘ ਕਾਲੇਵਾਲ, ਅਜਮੇਰ ਸਿੰਘ ਖੇੜਾ ਅਤੇ ਐਸਜੀਪੀਸੀ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟਿਵਾਣਾ, ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਜਦੋਂਕਿ ਚੰਡੀਗੜ੍ਹ ਦੀ ਸੰਗਤ ਨੇ ਅਕਾਲੀ ਦਲ ਚੰਡੀਗੜ੍ਹ ਪ੍ਰਦੇਸ਼ ਦੇ ਪ੍ਰਧਾਨ ਸ੍ਰ. ਹਰਦੀਪ ਸਿੰਘ ਬੁਟੇਲਾ ਦੀ ਅਗਵਾਈ ਹੇਠ ਮੁਹਾਲੀ ਪਹੁੰਚ ਕੇ ਵਾਈਪੀਐਸ ਚੌਕ ਨੇੜੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇੰਜ ਹੀ ਗੁਰਦੁਆਰਾ ਧੰਨਾ ਭਗਤ ਜੀ ਦੇ ਸੇਵਾਦਾਰਾਂ ਨੇ ਵੀ ਵਾਈਪੀਐਸ ਚੌਕ ’ਤੇ ਸਵਾਗਤ ਕੀਤਾ ਅਤੇ ਲੰਗਰ ਲਗਾਇਆ। ਕਰੋਨਾ ਮਹਾਮਾਰੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੀ ਪ੍ਰਵਾਹ ਨਾ ਕਰਦੇ ਹੋਏ ਸੰਗਤ ਨੇ ਬਿਨਾਂ ਕਿਸੇ ਖ਼ੌਫ਼ ਅਤੇ ਡਰ ਭੈਅ ਤੋਂ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਵਿਸ਼ਵ ਵਿੱਚ ਅਦੁੱਤੀ ਮਿਸਾਲ ਹੈ। ਗੁਰੂ ਸਾਹਿਬ ਨੇ ਬਿਨਾਂ ਕਿਸੇ ਭੇਦਭਾਵ ਤੋਂ ਕਿਸੇ ਦੂਜੇ ਧਰਮ ਦੇ ਲੋਕਾਂ ਦੀ ਰੱਖਿਆ ਲਈ ਕੁਰਬਾਨੀ ਦੇ ਕੇ ਦੁਨੀਆਂ ਦੇ ਇਤਿਹਾਸ ਵਿੱਚ ਸਿੱਖ ਕੌਮ ਦਾ ਸਿਰ ਉੱਚਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜੇਕਰ ਭਾਰਤ ਵਿੱਚ ਵੱਖ-ਵੱਖ ਧਰਮਾਂ, ਸੱਭਿਆਚਾਰ, ਰੀਤੀ-ਰਿਵਾਜ਼ ਅਤੇ ਭਾਸ਼ਾਵਾਂ ਜੀਵਿਤ ਹਨ ਤਾਂ ਇਹ ਸਭ ਗੁਰੂ ਸਾਹਿਬ ਦੀ ਕੁਰਬਾਨੀ ਸਦਕਾ ਹੀ ਹੈ।
ਐਸਜੀਪੀਸੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ ਇਹ ਨਗਰ ਕੀਰਤਨ ਹਰ ਉਸ ਥਾਂ ’ਤੇ ਜਾਵੇਗਾ ਜੋ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸ਼ਤਾਬਦੀਆਂ ਨੂੰ ਰਸਮੀ ਤੌਰ ’ਤੇ ਮਨਾਉਣ ਦੇ ਨਾਲ-ਨਾਲ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਸਿੱਖ ਵਿਰਸੇ ਨਾਲ ਜੁੜਨ ਅਤੇ ਮਾਨਵਤਾ ਦੇ ਭਲੇ ਲਈ ਕਾਰਜ ਕਰਨ।
ਇਸ ਮੌਕੇ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ ਕਮਲਜੀਤ ਸਿੰਘ ਰੂਬੀ, ਗੁਰਮੁੱਖ ਸਿੰਘ ਸੋਹਲ, ਓਐਸਡੀ ਹਰਦੇਵ ਹਰਪਾਲਪੁਰ, ਕੈਪਟਨ ਰਮਨਦੀਪ ਸਿੰਘ ਬਾਵਾ, ਪ੍ਰਚਾਰਕ ਰਾਜਪਾਲ ਸਿੰਘ, ਇੰਦਰਜੀਤ ਸਿੰਘ, ਹਰਦੀਪ ਸਿੰਘ, ਗੁਰਦੇਵ ਸਿੰਘ, ਬੀਬੀ ਕਸ਼ਮੀਰ ਕੌਰ ਸਮੇਤ ਇਲਾਕੇ ਦੀ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ।