ਪਾਰਕਿੰਗ ਵਿਵਾਦ: ਵਿਗਿਆਨੀ ਦੇ ਕਤਲ ਮਾਮਲੇ ਵਿੱਚ ਸਾਫ਼ਟਵੇਅਰ ਇੰਜੀਨੀਅਰ ਗ੍ਰਿਫ਼ਤਾਰ
ਘਰ ਸਾਹਮਣੇ ਫੁੱਟਪਾਥ ’ਤੇ ਬੁਲਟ ਖੜ੍ਹਾਉਣ ਨੂੰ ਲੈ ਕੇ ਗੁਆਂਢੀ ਨਾਲ ਹੋਇਆ ਸੀ ਝਗੜਾ
ਨਬਜ਼-ਏ-ਪੰਜਾਬ, ਮੁਹਾਲੀ, 15 ਮਾਰਚ:
ਇੱਥੋਂ ਦੇ ਸੈਕਟਰ-66 ਵਿੱਚ ਕੇਂਦਰ ਸਰਕਾਰ ਦੇ ਅਦਾਰੇ ਆਈਸਰ ਦੇ ਵਿਗਿਆਨੀ ਡਾ. ਅਭਿਸ਼ੇਕ ਕੁਮਾਰ (39) ਦੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਗੁਆਂਢੀ ਸਾਫ਼ਟਵੇਅਰ ਇੰਜੀਨੀਅਰ ਮਨਿੰਦਰਪਾਲ ਸਿੰਘ ਉਰਫ਼ ਮੌਂਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਘਰ ਦੇ ਸਾਹਮਣੇ ਫੁੱਟਪਾਥ ’ਤੇ ਬੁਲਟ ਮੋਟਰ ਸਾਈਕਲ ਖੜ੍ਹਾਉਣ ਨੂੰ ਲੈ ਕੇ ਹੋਏ ਵਿਗਿਆਨੀ ਡਾ. ਅਭਿਸ਼ੇਕ ਕੁਮਾਰ ਅਤੇ ਗੁਆਂਢੀ ਮੌਂਟੀ ਵਿੱਚ ਝਗੜਾ ਹੋ ਗਿਆ ਸੀ ਅਤੇ ਬਾਅਦ ਅਭਿਸ਼ੇਕ ਦੀ ਮੌਤ ਹੋ ਗਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ।
ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਬਾਸੂਕੀ ਨਾਥ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮਨਿੰਦਰਪਾਲ ਮੌਂਟੀ ਦੇ ਖ਼ਿਲਾਫ਼ ਥਾਣਾ ਫੇਜ਼-11 ਵਿੱਚ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਘਟਨਾ ਤੋਂ ਬਾਅਦ ਮੌਂਟੀ ਘਰੋਂ ਫ਼ਰਾਰ ਹੋ ਗਿਆ ਸੀ। ਇਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੌਂਟੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਮੌਂਟੀ ਨੂੰ ਭਲਕੇ ਐਤਵਾਰ ਨੂੰ ਮੁਹਾਲੀ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਦੇਰ ਸ਼ਾਮ ਕਰੀਬ 8 ਵਜੇ ਡਾ. ਅਭਿਸ਼ੇਕ ਘਰ ਦੇ ਬਾਹਰ ਫੁੱਟਪਾਥ ’ਤੇ ਬੁਲਟ ਮੋਟਰ ਸਾਈਕਲ ਖੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਐਨੇ ਵਿੱਚ ਮੌਂਟੀ ਉੱਥੇ ਆ ਗਿਆ ਅਤੇ ਕਹਿਣ ਲੱਗਾ ਹੈ ਕਿ ਇੱਥੇ ਸਿਰਫ਼ ਉਸ ਦੀ ਕਾਰ ਖੜੇਗੀ, ਮੋਟਰ ਸਾਈਕਲ ਨਹੀਂ। ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਮੌਂਟੀ ਨੇ ਧੱਕਾ ਮਾਰ ਕੇ ਅਭਿਸ਼ੇਕ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ। ਹਾਲਾਂਕਿ ਅਭਿਸ਼ੇਕ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਅਭਿਸ਼ੇਕ ਦੇ ਪਿਤਾ ਬਾਸੂਕੀ ਨਾਥ ਅਨੁਸਾਰ ਪਿਛਲੇ ਹਫ਼ਤੇ ਤੋਂ ਵਾਹਨ ਪਾਰਕਿੰਗ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਮੌਂਟੀ ਉਸ ਦੇ ਬੇਟੇ ਨੂੰ ਧਮਕੀਆਂ ਦੇ ਰਿਹਾ ਸੀ। ਅਭਿਸ਼ੇਕ ਉਨ੍ਹਾਂ ਦਾ ਇਕਲੌਤਾ ਸਹਾਰਾ ਸੀ ਅਤੇ ਉਹ ਬਤੌਰ ਵਿਗਿਆਨੀ ਵਜੋਂ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕਾ ਹੈ ਅਤੇ ਹੁਣ ਆਈਸ਼ਰ ਵਿੱਚ ਨੌਕਰੀ ਕਰ ਰਿਹਾ ਸੀ।