Nabaz-e-punjab.com

ਸੰਸਦੀ ਚੋਣਾਂ: ਏਡੀਸੀ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ

ਚੋਣ ਜ਼ਾਬਤੇ ਦੀ ਹੂ-ਬਹੂ ਪਾਲਣਾ ਯਕੀਨੀ ਬਣਾਉਣ ਦੇ ਦਿਸ਼ਾ ਨਿਰਦੇਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਸੰਸਦੀ ਚੋਣਾਂ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਖਰੜ ਦੇ ਐਸਡੀਐਮ ਵਿਨੋਦ ਬਾਂਸਲ ਅਤੇ ਤਹਿਸੀਲਦਾਰ (ਚੋਣਾਂ) ਸੰਜੈ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਦਰਸ਼ ਚੋਣ ਜ਼ਾਬਤੇ, ਈ.ਵੀ.ਐਮ./ਵੀ.ਵੀ.ਪੈਟ ਤੇ ਨਾਮਜ਼ਦਗੀ ਪ੍ਰਕਿਰਿਆ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀਮਤੀ ਸਾਹਨੀ ਨੇ ਕਿਹਾ ਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਇਸ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮ ਨੰਬਰ 26 ਅਤੇ ਫਾਰਮ ਏ ਤੇ ਬੀ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਫਾਰਮ ਨੰਬਰ 26 ਵਿਚਲੇ ਹਲਫ਼ਨਾਮੇ ਵਿੱਚ ਕੋਈ ਵੀ ਖਾਨਾ ਖ਼ਾਲੀ ਨਾ ਛੱਡਿਆ ਜਾਵੇ।
ਏਡੀਸੀ ਨੇ ਅੱਗੇ ਕਿਹਾ ਕਿ ਈਵੀਐਮ/ਵੀਵੀਪੈਟ ਦੀ ਪਹਿਲੀ ਰੈਂਡੇਮਾਈਜੇਸ਼ਨ 30 ਮਾਰਚ ਨੂੰ ਹੋਵੇਗੀ, ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਭਾਗ ਲੈਣ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਚਾਰ ਸਬੰਧੀ ਸਾਰੀਆਂ ਮਨਜ਼ੂਰੀਆਂ ਸੁਵਿਧਾ ਐਪ ਰਾਹੀਂ ਲੈਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ। ਹੋਰ ਵੇਰਵੇ ਦਿੰਦਿਆਂ ਸ੍ਰੀਮਤੀ ਸਾਹਨੀ ਨੇ ਕਿਹਾ ਕਿ ਜੇ ਕਿਸੇ ਪੋਲਿੰਗ ਬੂਥ ਉਤੇ ਵੋਟਾਂ ਦੀ ਗਿਣਤੀ 1400 ਤੋਂ ਵਧਦੀ ਹੈ ਤਾਂ ਉਥੇ ਵਾਧੂ ਪੋਲਿੰਗ ਬੂਥ ਕਾਇਮ ਕੀਤਾ ਜਾਵੇਗਾ। ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੇ ਬੂਥ ਲੈਵਲ ਏਜੰਟ ਛੇਤੀ ਤੋਂ ਛੇਤੀ ਨਿਯੁਕਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਸੰਸਦੀ ਚੋਣਾਂ ਲੜ ਰਹੇ ਉਮੀਦਵਾਰਾਂ ਲਈ ਆਪਣੇ ਨਾਮਜ਼ਦਗੀ ਫਾਰਮ ਦੇ ਨਾਲ ਇਕ ਵਾਧੂ ਸਟੈਂਪ ਸਾਇਜ਼ ਫੋਟੋ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ, ਜੋ ਬੈਲਟ ਪੇਪਰ ਉਤੇ ਛਾਪੀ ਜਾਵੇਗੀ।
ਇਸ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਚੋਣ ਜ਼ਾਬਤੇ ਸਬੰਧੀ ਆਪਣੇ ਸਵਾਲਾਂ ਰਾਹੀਂ ਸ਼ੰਕੇ ਜਾਹਿਰ ਕੀਤੇ ਜਿਨ੍ਹਾਂ ਨੂੰ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਸਪਸ਼ਟ ਰੂਪ ਵਿੱਚ ਨਿਵਰਤ ਕੀਤਾ। ਉਨ੍ਹਾਂ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਨਿਰਪੱਖ ਤੇ ਭੈਅ ਮੁਕਤ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਖੇਚਲ ਕਰਨ।
ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਗਗਨਪ੍ਰੀਤ ਸਿੰਘ ਬੈਂਸ, ਭਾਜਪਾ ਦੇ ਜੋਗਿੰਦਰ ਕੰਵਰ, ਬਸਪਾ ਦੇ ਸੁਖਦੇਵ ਸਿੰਘ ਚੱਪੜਚਿੜੀ, ਸੀਪੀਆਈ ਦੇ ਮਹਿੰਦਰ ਪਾਲ ਸਿੰਘ, ਅਕਾਲੀ ਦਲ (ਬਾਦਲ) ਦੇ ਆਗੂ ਹਰਸੰਗਤ ਸਿੰਘ ਸੋਹਾਣਾ, ‘ਆਪ’ ਦੇ ਬਹਾਦਰ ਸਿੰਘ ਚਾਹਲ ਅਤੇ ਕਾਂਗਰਸ ਦੇ ਸੰਦੀਪ ਧੀਮਾਨ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…