ਗਾਇਕ ਪਰਮੀਸ਼ ਵਰਮਾ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚੋਂ ਛੁੱਟੀ ਮਿਲੀ

ਮੁਹਾਲੀ ਪੁਲੀਸ ਨੂੰ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਬਾਰੇ ਅਜੇ ਤਾਈਂ ਨਹੀਂ ਮਿਲਿਆ ਕੋਈ ਠੋਸ ਸੁਰਾਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਨੂੰ ਮੰਗਲਵਾਰ ਦੇਰ ਰਾਤ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਮੁਹਾਲੀ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ। ਇਸ ਗੱਲ ਦੀ ਸੂਚਨਾ ਮਿਲਦੇ ਹੀ ਪਰਮੀਸ਼ ਵਰਮਾ ਦੇ ਪ੍ਰਸੰਸਕਾਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ। ਉਨ੍ਹਾਂ ਦੇ ਪ੍ਰਸੰਸਕ ਪਿਛਲੇ ਤਿੰਨ ਚਾਰ ਦਿਨਾਂ ਤੋਂ ਪ੍ਰਮਾਤਮਾ ਅੱਗੇ ਅਰਦਾਸ ਬੰਦਨਾਂ ਕਰ ਰਹੇ ਸੀ ਕਿ ਉਨ੍ਹਾਂ ਦਾ ਹਰਮਨ ਪਿਆਰਾ ਗਾਇਕ ਜਲਦੀ ਤੰਦਰੁਸਤ ਹੋ ਕੇ ਵਾਪਸ ਘਰ ਪਰਤ ਆਏ।
ਇੱਥੇ ਇਹ ਜ਼ਿਕਰਯੋਗ ਹੈ ਕਿ ਗਾਇਕ ਪਰਮੀਸ਼ ਵਰਮਾ ਵਿਸਾਖੀ ਵਾਲੇ ਦਿਨ ਬੀਤੀ 13 ਅਪਰੈਲ ਦੀ ਕਰੀਬ ਅੱਧੀ ਰਾਤ ਨੂੰ ਅੰਲਾਤੇ ਮਾਲ ਤੋਂ ਪ੍ਰੋਗਰਾਮ ਖ਼ਤਮ ਕਰਕੇ ਮੁਹਾਲੀ ਸਥਿਤ ਆਪਣੇ ਘਰ ਪਰਤ ਰਿਹਾ ਸੀ। ਜਿਸ ਨੂੰ ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿੱਚ ਘੇਰ ਕੇ ਗੋਲੀ ਮਾਰ ਦਿੱਤੀ ਸੀ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ। ਇਸ ਹਮਲੇ ਵਿੱਚ ਗਾਇਕ ਦਾ ਦੋਸਤ ਕੁਲਵੰਤ ਸਿੰਘ ਉਰਫ਼ ਲਾਡੀ ਵੀ ਜ਼ਖ਼ਮੀ ਹੋਇਆ ਸੀ। ਦੋਵਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਇੱਥੋਂ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਇਸ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਪਿਛਲੇ ਦਿਨੀਂ ਬੱਦੀ ’ਚੋਂ ਇੱਕ ਨੌਜਵਾਨ ਹਰਵਿੰਦਰ ਸਿੰਘ ਉਰਫ਼ ਹੈਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਇਸ ਸਮੇਂ ਪੁਲੀਸ ਰਿਮਾਂਡ ’ਤੇ ਚਲ ਰਿਹਾ ਹੈ। ਉਧਰ, ਗਾਇਕ ਨੂੰ ਸ਼ਰ੍ਹੇਆਮ ਗੋੋਲੀ ਮਾਰਨ ਸਬੰਧੀ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਅਜੇ ਤਾਈਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਸਬੰਧੀ ਪੁਲੀਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਗੁਪਤ ਸੂਚਨਾਵਾਂ ਨੂੰ ਆਧਾਰ ਬਣਾ ਕੇ ਕਾਫੀ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਸੋਸ਼ਲ ਮੀਡੀਆ ’ਤੇ ਅਪਲੋਡ ਹੋ ਰਹੀਆਂ ਖ਼ਬਰਾਂ ਅਤੇ ਟਿੱਪਣੀਆਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਗੈਂਗਸਟਰ ਦਿਲਪ੍ਰੀਤ ਵੱਲੋਂ ਫੇਸਬੁੱਕ ’ਤੇ ਨਵੀਂ ਸੂਚਨਾ ਅਪਲੋਡ ਕਰਕੇ ਸਪੱਸ਼ਟ ਕੀਤਾ ਹੈ ਕਿ ਗਾਇਕ ਪਰਮੀਸ਼ ਵਰਮਾ ਨੂੰ ਉਸ ਨੇ ਹੀ ਗੋਲੀ ਮਾਰ ਸੀ ਅਤੇ ਪੁਲੀਸ ਬੇਕਸੂਰ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ। ਉਨ੍ਹਾਂ ਗਾਇਕ ’ਤੇ ਹਮਲਾ ਕਰਨ ਵੇਲੇ ਉਸ ਨਾਲ ਮੌਜੂਦ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਂ ਵੀ ਨਸ਼ਰ ਕੀਤੇ ਹਨ। ਜਿਨ੍ਹਾਂ ਵਿੱਚ ਅਕਾਸ਼ ਮਹਾਰਾਸ਼ਟਰ, ਹਰਜਿੰਦਰ ਸਿੰਘ ਮਹਾਰਾਸ਼ਟਰ ਅਤੇ ਸੁਖਪ੍ਰੀਤ ਸਿੰਘ ਬੁੱਢਾ ਸ਼ਾਮਲ ਹਨ। ਇਸ ਤੋਂ ਬਾਅਦ ਹੁਣ ਪੁਲੀਸ ਅਧਿਕਾਰੀ ਇਹ ਕਹਿ ਰਹੇ ਹਨ ਕਿ ਹਰਵਿੰਦਰ ਹੈਪੀ ਘਟਨਾ ਵਾਲੀ ਰਾਤ ਮੌਕੇ ’ਤੇ ਮੌਜੂਦ ਨਹੀਂ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…