nabaz-e-punjab.com

ਪ੍ਰਤਾਪ ਬਾਜਵਾ ਵੱਲੋਂ ਫੋਰਟਿਸ ਹਸਪਤਾਲ ਵਿੱਚ ਆਈਐਸਏਆਰ ਚੰਡੀਗੜ੍ਹ ਚੈਪਟਰ ਦਾ ਉਦਘਾਟਨ

ਕੀੜੇਮਾਰ ਦਵਾਈਆਂ ਦੀ ਬੇਲੋੜੀ ਵਰਤੋਂ ਤੇ ਸਨਥੈਟਿਕ ਨਸ਼ੇ ਕਾਰਨ ਬੇ-ਅੌਲਾਦ ਜੋੜਿਆਂ ਦੀ ਗਿਣਤੀ ’ਚ ਵਾਧਾ ਹੋਇਆ
ਪਟਿਆਲਾ ਵਿੱਚ ਧਰਨੇ ’ਤੇ ਬੈਠੇ ਅਧਿਆਪਕਾਂ ਦਾ ਮਸਲਾ ਸੰਜੀਦਗੀ ਨਾਲ ਹੱਲ ਕਰੇ ਸਰਕਾਰ: ਬਾਜਵਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਨਵੰਬਰ:
ਇੰਡੀਅਨ ਸੁਸਾਇਟੀ ਫਾਰ ਅਸਿਸਟੈਂਟ ਰੀਪ੍ਰੋਡਕਟਸ਼ਨ ਨੇ ਪਹਿਲਕਦਮੀ ਕਰਦਿਆਂ ਬੇ-ਅੌਲਾਦ ਜੋੜਿਆਂ ਦੀ ਕੁੱਖ ਹਰੀ ਕਰਨ ਵਿੱਚ ਲੋੜੀਂਦੀ ਮੈਡੀਕਲ ਸਹਾਇਤਾ ਪ੍ਰਦਾਨ ਕਰ ਰਹੀ ਹੈ। ਇਸ ਦੇ ਚੰਡੀਗੜ੍ਹ ਚੈਪਟਰ (ਇਕਾਈ) ਦਾ ਉਦਘਾਟਨ ਅੱਜ ਇੱਥੋਂ ਦੇ ਫੋਰਟਿਸ ਹਸਪਤਾਲ ਦੇ ਆਈ.ਵੀ. ਬਲੂਮ ਵਿੱਚ ਆਯੋਜਿਤ ਵਰਕਸ਼ਾਪ ਦੌਰਾਨ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ।
ਇਸ ਮੌਕੇ ਇਲੈਕਟ ਫੈਗੋਸੀ ਦੀ ਪ੍ਰਧਾਨ ਅਤੇ ਉਕਤ ਸੁਸਾਇਟੀ ਦੀ ਮੀਤ ਪ੍ਰਧਾਨ ਡਾ. ਨੰਦਿਤਾ ਪਾਲਸ਼ੇਖਤਰ, ਫੋਗਸੀ ਦੇ ਸਾਬਕਾ ਜਨਰਲ ਸਕੱਤਰ ਡਾ. ਹਰੀਸ਼ਿਕੇਸ਼ ਪਾਈ, ਸੁਸਾਇਟੀ ਦੇ ਚੰਡੀਗੜ੍ਹ ਚੈਪਟਰ ਦੇ ਫਾਊਂਡਰ ਚੇਅਰਪਰਸਨ ਡਾਕਟਰ ਜੀ.ਕੇ.ਬੇਦੀ ਅਤੇ ਫਾਊਂਡਰ ਸੈਕਟਰੀ ਡਾਕਟਰ ਪੂਜਾ ਮਹਿਤਾ ਵੀ ਹਾਜ਼ਰ ਸਨ। ਡਾ. ਜੀ.ਕੇ. ਬੇਦੀ ਨੇ ਦੱਸਿਆ ਕਿ ਇਸ ਸੁਸਾਇਟੀ ਦੀ ਸਥਾਪਨਾ 1991 ਵਿੱਚ ਹਿਸਾਰ ਵਿੱਚ ਹੋਈ ਸੀ, ਜੋ 19 ਰਾਜਾਂ ਵਿੱਚ ਕੰਮ ਕਰ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਸੰਸਥਾ ਦੇ ਜੱਚਾ ਬੱਚਾ ਵਿੰਗ ਦੇ ਮਾਹਰ ਡਾਕਟਰਾਂ ਸਮੇਤ ਤਿੰਨ ਹਜ਼ਾਰ ਤੋਂ ਵੱਧ ਮੈਂਬਰ ਹਨ।
ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਫਸਲਾਂ ’ਤੇ ਕੀੜੇਮਾਰ ਦਵਾਈਆਂ ਦੀ ਬੇਲੋੜੀ ਵਰਤੋਂ ਅਤੇ ਸਨਥੈਟਿਕ ਨਸ਼ੇ ਕਾਰਨ ਬੇ-ਅੌਲਾਦ ਜੋੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਅੱਜ ਨਵ-ਵਿਆਹੇ ਜੋੜਿਆਂ ਵਿੱਚ ਘਰੇਲੂ ਹਿੰਸਾ ਅਤੇ ਤਲਾਕ ਦੀ ਬਿਰਤੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਪੰਜਾਬ ਵਿੱਚ ਭਾਵੇਂ ਸਰਕਾਰੀ ਹਸਪਤਾਲਾਂ ਦੀ ਗਿਣਤੀ ਬਹੁਤ ਹੈ ਅਤੇ ਪ੍ਰਾਈਵੇਟ ਹਸਪਤਾਲਾਂ ਵੀ ਹਰੇਕ ਸ਼ਹਿਰ ਵਿੱਚ ਖੁੱਲ੍ਹੇ ਹੋਏ ਹਨ, ਪ੍ਰੰਤੂ ਮਹਿੰਗਾਈ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਇੰਨੀ ਜ਼ਿਆਦਾ ਭੀੜ ਹੈ ਕਿ ਮਰੀਜ਼ਾਂ ਨੂੰ ਬਰਾਂਡਿਆਂ ਵਿੱਚ ਹੀ ਇਲਾਜ ਕਰਵਾਉਣਾ ਪੈ ਰਿਹਾ ਹੈ। ਜਿਸ ਕਾਰਨ ਗਰੀਬ ਬੰਦੇ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣਾ ਸੁਫ਼ਨੇ ਵਰਗਾ ਹੈ। ਜ਼ਿੰਦਗੀ ਭਰ ਸਖ਼ਤ ਕਰਕੇ ਇਕੱਠੀ ਕੀਤੀ ਪੂੰਜੀ ਮਰੀਜ਼ ਦੇ ਇਲਾਜ ’ਤੇ ਪਲਾਂ ਵਿੱਚ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਦਾ ਉਪਬੰਧ ਕੀਤਾ ਗਿਆ ਹੈ ਪਰ ਅਨਪੜ੍ਹਤਾ ਕਾਰਨ ਜ਼ਿਆਦਾਤਰ ਲੋਕ ਇਸ ਦਾ ਲਾਭ ਨਹੀਂ ਲੈ ਪਾ ਰਹੇ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦੀਆਂ ਚਰਚਾਵਾਂ ਬਾਰੇ ਪੁੱਛੇ ਜਾਣ ’ਤੇ ਸ੍ਰੀ ਬਾਜਵਾ ਨੇ ਕਿਹਾ ਕਿ ਫਿਲਹਾਲ ਉਹ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦੀ ਦੌੜ ਵਿੱਚ ਨਹੀਂ ਹਨ। ਉਂਜ ਉਨ੍ਹਾਂ ਇਹ ਵੀ ਆਖਿਆ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ, ਪਾਰਟੀ ਪ੍ਰਧਾਨ ਰਾਹੁਲ ਗਾਂਧੀ ਜੋ ਵੀ ਡਿਊਟੀ ਲਾਉਣਗੇ ਉਹ ਉਸ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ।
ਪਟਿਆਲਾ ਵਿੱਚ ਅਧਿਆਪਕਾਂ ਦੇ ਪੱਕੇ ਮੋਰਚੇ ਬਾਰੇ ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਅਧਿਆਪਕ ਵੀ ਸਾਡੇ ਬੱਚੇ ਬੱਚੀਆਂ ਹਨ। ਇਸ ਲਈ ਸੂਬਾ ਸਰਕਾਰ ਨੂੰ ਉਨ੍ਹਾਂ ਦਾ ਮਸਲਾ ਸੰਜੀਦਗੀ ਨਾਲ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਦੇ ਸਾਰਥਿਕ ਸਿੱਟੇ ਨਿਕਲਣਗੇ। ਮੁੱਖ ਮੰਤਰੀ ਦੇ ਕੰਮ ਕਰਨ ਦੇ ਢੰਗ ਤਰੀਕੇ ਤੋਂ ਕਾਂਗਰਸ ਪ੍ਰਤੀ ਲੋਕਾਂ ਦਾ ਮੋਹ ਭੰਗ ਹੋਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਬਾਜਵਾ ਨੇ ਕਿਹਾ ਕਿ ਇਸ ਦਾ ਬਿਹਤਰ ਜਵਾਬ ਤਾਂ ਮੁੱਖ ਮੰਤਰੀ ਹੀ ਦੇ ਸਕਦੇ ਹਨ। ਉਂਜ ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀਆਂ ਦੀਆਂ ਚੋਣਾਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਕਾਂਗਰਸ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…