
ਪਰਵਿੰਦਰ ਸੋਹਾਣਾ ਨੇ ਪਿੰਡ ਮਦਨਪੁਰਾ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਵਿਧਾਨ ਸਭਾ ਹਲਕਾ ਮੁਹਾਲੀ ਤੋਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਸਥਾਨਕ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੀ ਲੋਕਪ੍ਰਿਯਤਾ ਇੰਨੀ ਜ਼ਿਆਦਾ ਵਧ ਰਹੀ ਹੈ ਕਿ ਪਿੰਡਾਂ ਦੇ ਨਾਲ-ਨਾਲ ਸ਼ਹਿਰ ਅਤੇ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ’ਚੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਿੰਡ ਮਦਨਪੁਰਾ ਵਿੱਚ ਵੀ ਅੱਜ ਡੋਰ-ਟੂ-ਡੋਰ ਚੋਣ ਪ੍ਰਚਾਰ ਦੌਰਾਨ ਘਰਾਂ ਵਿੱਚੋਂ ਆਪ-ਮੁਹਾਰੇ ਲੋਕਾਂ ਨੇ ਪਰਵਿੰਦਰ ਸੋਹਾਣਾ ਦੀ ਜਿੱਤ ਵੱਲ ਵਧਦੇ ਕਦਮ ਦਰਸਾਏ। ਚੋਣ ਪ੍ਰਚਾਰ ਦੌਰਾਨ ਮਦਨਪੁਰਾ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਦੀ ਚੋਣਾਂ ਜਿੱਤਣ ਉਪਰੰਤ ਦਸ਼ਾ ਸੁਧਾਰੀ ਜਾਵੇਗੀ ਕਿਉਂਕਿ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਉਸ ਦੇ ਮੇਅਰ ਭਰਾ ਨੇ ਪਿੰਡਾਂ ਦੀ ਹਾਲਤ ਤਰਸਯੋਗ ਕਰ ਰੱਖੀ ਹੈ। ਪਿੰਡਾਂ ਦੇ ਲੋਕ ਪ੍ਰਾਪਰਟੀ ਟੈਕਸਾਂ ਦੇ ਨੋਟਿਸਾਂ ਤੋਂ ਹਮੇਸ਼ਾ ਦੁਖੀ ਹੀ ਰਹੇ ਹਨ। ਉਨ੍ਹਾਂ ਮਦਨਪੁਰਾ ਨਿਵਾਸੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀ 20 ਫ਼ਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ‘ਤੱਕੜੀ’ ਨੂੰ ਵੋਟਾਂ ਪਾ ਕੇ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਹਰ ਸਿੰਘ, ਬਹਾਦਰ ਸਿੰਘ, ਸੁਰਿੰਦਰ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ, ਬਲਕਾਰ ਸਿੰਘ, ਸਰਜਿੰਦਰ ਸਿੰਘ, ਕੁਲਵੰਤ ਸਿੰਘ, ਗੁਰਤੇਜ ਸਿੰਘ, ਪਰਮਿੰਦਰ ਸਿੰਘ, ਸਤਨਾਮ ਸਿੰਘ, ਤਪਇੰਦਰ ਸਿੰਘ, ਜਸਵਿੰਦਰ ਸਿੰਘ, ਪਰਵਿੰਦਰ ਸਿੰਘ ਆਦਿ ਦੀ ਅਗਵਾਈ ਵਿੱਚ ਲੋਕਾਂ ਦੇ ਠਾਠਾਂ ਮਾਰਦੇ ਇਕੱਠੇ ਨੇ ਪਰਵਿੰਦਰ ਸਿੰਘ ਸੋਹਾਣਾ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ ਤੱਕੜੀ’ ਉੱਤੇ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ।