
ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸੋਹਾਣਾ ਵੱਲੋਂ ਚੋਣ ਪ੍ਰਚਾਰ ਤੇਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਮੁਹਾਲੀ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਨੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਬਜ਼ੁਰਗ ਅੌਰਤਾਂ ਤੋਂ ਅਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਕੋਈ ਵੀ ਕਾਰਜ ਵਾਹਿਗੁਰੂ ਦੇ ਚਰਨਾਂ ਦਾ ਓਟ ਆਸਰਾਂ ਅਤੇ ਬਜ਼ੁਰਗਾਂ ਤੋਂ ਅਸ਼ੀਰਵਾਦ ਲੈ ਕੇ ਸ਼ੁਰੂ ਕਰਦੇ ਹਨ। ਹੁਣ ਉਹ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਅਤੇ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ ਅਤੇ ਇਸ ਵਾਰ ਪਾਰਟੀ ਨੇ ਉਨ੍ਹਾਂ ’ਤੇ ਭਰੋਸਾ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਰੱਖਦੇ ਹਨ। ਉਸ ਦੇ ਪਿਤਾ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਜੇਲ੍ਹਾਂ ਕੱਟੀਆਂ ਹਨ ਅਤੇ ਅਕਾਲੀ ਮੋਰਚਿਆਂ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ।
ਪਰਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਨੇ 5 ਸਾਲਾਂ ਵਿੱਚ ਕੋਈ ਵਿਕਾਸ ਨਹੀਂ ਕੀਤਾ ਅਤੇ ਕਾਂਗਰਸੀ ਆਗੂਆਂ ਨੇ ਪਿਛਲੇ ਇਕ ਮਹੀਨੇ ਦੌਰਾਨ ਜਿੰਨੇ ਵੀ ਨੀਂਹ ਪੱਥਰ ਰੱਖੇ ਗਏ ਹਨ, ਉਨ੍ਹਾਂ ’ਚੋਂ ਕਿਸੇ ਇੱਕ ਪ੍ਰਾਜੈਕਟ ਦਾ ਵੀ ਕੰਮ ਸ਼ੁਰੂ ਨਹੀਂ ਹੋਇਆ। ਜਦੋਂਕਿ ਪਿਛਲੀ ਅਕਾਲੀ ਸਰਕਾਰ ਸਮੇਂ ਮੁਹਾਲੀ ਕੌਮਾਂਤਰੀ ਏਅਰਪੋਰਟ ਬਣਾਉਣ ਸਮੇਤ ਰਿਕਾਰਡਤੋੜ ਵਿਕਾਸ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ’ਤੇ ਘਪਲਿਆਂ ਦੇ ਗੰਭੀਰ ਦੋਸ਼ ਲਗਦੇ ਰਹੇ ਹਨ ਅਤੇ ਹੁਕਮਰਾਨਾਂ ਦੀ ਸ਼ਾਮਲਾਤ ਜ਼ਮੀਨਾਂ ’ਤੇ ਅੱਖ ਰਹੀ।
ਇਸੇ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਨਹੇੜੀਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਚੱਪੜਚਿੜੀ ਨੇ ਵੀ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਜਿੰਨੇ ਵੀ ਐਲਾਨ ਕੀਤੇ, ਉਹ ਸਭ ਝੂਠ ਦਾ ਪੁਲੰਦਾ ਹਨ। ਨਾ ਕਿਸੇ ਕੱਚੇ ਮੁਲਾਜ਼ਮ ਨੂੰ ਪੱਕਾ ਕੀਤਾ ਅਤੇ ਨਾ ਹੀ ਬੇਘਰਿਆਂ ਨੂੰ 5-5 ਮਰਲੇ ਦੇ ਪਲਾਟ ਮਿਲੇ ਅਤੇ ਨਾ ਹੀ ਲਾਲ ਲਕੀਰ ਦੇ ਅੰਦਰ ਰਹਿੰਦੇ ਲੋਕਾਂ ਨੂੰ ਮਾਲਕੀ ਦੇ ਹੱਕ ਮਿਲੇ।

ਇਸ ਮੌਕੇ ਸਵਰਨ ਸਿੰਘ ਲਾਂਡਰਾਂ, ਜਸਪਾਲ ਸਿੰਘ ਸੈਦਪੁਰ, ਹਰਨੇਕ ਸਿੰਘ, ਸ਼ੇਰ ਸਿੰਘ ਸਾਬਕਾ ਪ੍ਰਧਾਨ, ਕੁਲਦੀਪ ਸਿੰਘ ਸੈਣੀ, ਬਲਵਿੰਦਰ ਸਿੰਘ ਸੋਈ, ਗੁਰਮੀਤ ਸਿੰਘ ਖੱਟੜਾ, ਸੋਨੀ ਬੜੀ, ਖੁਸ਼ਇੰਦਰ ਸਿੰਘ, ਗੁਰਿੰਦਰ ਗੁਰੀ, ਮਨਮੋਹਨ ਸਿੰਘ, ਨੰਬਰਦਾਰ ਹਰਵਿੰਦਰ ਸਿੰਘ ਤੇ ਕਰਮਜੀਤ ਸਿੰਘ, ਯੂਥ ਆਗੂ ਅਮਨ ਪੂਨੀਆ ਵੀ ਹਾਜ਼ਰ ਸਨ।