
ਪਟਿਆਲਾ ਵਿੱਚ 1 ਦਸੰਬਰ ਤੋਂ ਸ਼ੁਰੂ ਹੋਵੇਗੀ 5 ਰੋਜ਼ਾ 10ਵੀਂ ਪਸ਼ੂਧਨ ਚੈਂਪੀਅਨਸ਼ਿਪ ਤੇ ਐਕਸਪੋ-2017
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਹੋਰ ਮਜਬੂਤ ਕਰਨ ਲਈ ਉਨ੍ਹਾਂ ਨੂੰ ਡੇਅਰੀ, ਸੂਰ, ਬੱਕਰੀ ਪਾਲਣ ਅਤੇ ਮੱਛੀ ਪਾਲਣ ਵਰਗੇ ਵੱਖ ਵੱਖ ਧੰਦਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਪਸ਼ੂ-ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਐਫ.ਆਈ.ਸੀ.ਸੀ.ਆਈ. (ਫਿੱਕੀ) ਦੇ ਸਹਿਯੋਗ ਨਾਲ 10 ਵੀਂ ਪਸ਼ੂਧਨ ਪ੍ਰਤੀਯੋਗਿਤਾ ਦਾ ਆਯੋਜਨ 1 ਦਸੰਬਰ 2017 ਤੋਂ ਕਰਵਾਇਆ ਜਾ ਰਿਹਾ ਹੈ। ਇਹ ਪ੍ਰਤੀਯੋਗਿਤਾ ਪਟਿਆਲਾ ਵਿਖੇ ਪਟਿਆਲਾ ਸੰਗਰੂਰ ਹਾਈਵੇ ਨਜ਼ਦੀਕ ਪਿੰਡ ਜਾਹਲਾਂ ਵਿੱਚ ਕਰਵਾਈ ਜਾਵੇਗੀ ਜੋ 5 ਦਸੰਬਰ 2017 ਤੱਕ ਚੱਲੇਗੀ। ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਜਿਵੇਂ ਕਿ ਹਰਿਆਣਾ ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ, ਅਸਾਮ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਭਾਗ ਲੈਣਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਪ੍ਰਤੀਯੋਗਿਤਾ ਦੋਰਾਨ ਘੋੜਿਆਂ, ਮੱਝਾਂ ਅਤੇ ਗਾਵਾਂ , ਭੇਡਾਂ ਅਤੇ ਬੱਕਰੀਆਂ, ਸੂਰ ਅਤੇ ਹੋਰ ਜਾਨਵਰਾਂ ਦੇ 92 ਤਰ੍ਹਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤਣ ਵਾਲੇ ਜਾਨਵਰਾਂ ਦੇ ਮਾਲਕਾਂ ਨੂੰ ਕੁੱਲ 1.25 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ। ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਦੁਧਾਰੂ ਪਸ਼ੂਆਂ ਦੀ 2 ਫੀਸਦੀ ਆਬਾਦੀ ਹੈ ਜੋ ਭਾਰਤ ਦੇ ਕੁੱਲ ਦੁੱਧ ਉਤਪਾਦਨ ਵਿੱਚ 7 ਫੀਸਦੀ ਯੋਗਦਾਨ ਪਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਤਾ 1035 ਗਾ੍ਰਮ ਹੈ ਜੋ ਕਿ ਕੌਮੀ ਪੱਧਰ ਤੇ ਪ੍ਰਤੀ ਵਿਅਕਤੀ ਉਪਲਬਤਾ ਨਾਲੋਂ ਲਗਭਗ 3 ਗੁਣਾ ਵੱਧ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਫੈਡਰੇਸਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਵਿਚ 200 ਤੋਂ ਵੱਧ ਕੰਪਨੀਆਂ ਜੋ ਕਿ ਪਸ਼ੂ ਪਾਲਣ, ਡੇਅਰੀ ਪਾਲਣ, ਮੱਛੀ ਪਾਲਣ, ਚਾਰਾ, ਖੇਤੀ ਅਤੇ ਫੂਡ ਪ੍ਰੋਸੈਸਿੰਗ ਦੇ ਕਾਰਜ ਨਾਲ ਜੁੜੀਆਂ ਕੰਪਨੀਆਂ ਵੱਲੋਂ ਵੀ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਪਸ਼ੂ ਪਾਲਣ ਦੇ ਧੰਦੇ ਨਾਲ ਜੂੜੀਆਂ ਨਵੀਨ ਤਕਨੀਕਾਂ ਬਾਰੇ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਉਣਗੇ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਵੱਖ ਵੱਖ ਖੇਤੀ ਧੰਦਿਆਂ ਨਾਲ ਸਬੰਧਤ ਵਿਸਿਆਂ ਲਈ ਸਵੇਰ ਅਤੇ ਸ਼ਾਮ ਦੇ ਸੈਸਨ ਦੌਰਾਨ ਸੈਮੀਨਾਰਾਂ ਦੇ ਆਯੋਜਨ ਕੀਤੇ ਜਾਣਗੇ ਜੋ ਕਿ ਪੰਜ ਦਿਨ ਚਲਣਗੇ ਅਤੇ ਇਸੇ ਦੌਰਾਨ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਬਿਨਾਂ ਕਿਸੇ ਦੇਰ ਤੋਂ ਮੌਕੇ ਤੇ ਹੀ ਦਿੱਤੇ ਜਾਣਗੇ। ਡਾ. ਅਮਰਜੀਤ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਕੋਲ ਸੂਰ ਪਾਲਣ ਅਤੇ ਬੱਕਰੀ ਪਾਲਣ ਦੇ ਖੇਤਰ ਵਿੱਚ ਬਹੁਤ ਜਿਆਦਾ ਸੰਭਾਵਨਾਵਾਂ ਹਨ ਅਤੇ ਪੰਜਾਬ ਦੇ ਕਿਸਾਨ ਇਸ ਖੇਤਰ ਵਿੱਚ ਆਪਣਾ ਹੱਥ ਅਜਮਾ ਕੇ ਕਾਫੀ ਚੰਗੀ ਕਮਾਈ ਕਰ ਸਕਦੇ ਹਨ। ਡਾ. ਅਮਰਜੀਤ ਸਿੰਘ ਨੇ ਪਸ਼ੂ ਪਾਲਣ ਅਤੇ ਖੇਤੀ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਵੱਡੇ ਪੱਧਰ ਤੇ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਦੀ ਅਪੀਲ ਕੀਤੀ।