Nabaz-e-punjab.com

ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਭੁੱਖ ਹੜਤਾਲ ਪੰਜਵੇਂ ਦਿਨ ਵਿੱਚ ਦਾਖ਼ਲ

ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਸਕੱਤਰ ਅਤੇ ਡੀਪੀਆਈ ਸੈਕੰਡਰੀ ਦੇ ਦੋਵੇਂ ਗੇਟ ਬੰਦ ਕਰਕੇ ਕੀਤਾ ਵਿਸ਼ਾਲ ਰੋਸ ਮੁਜ਼ਾਹਰਾ

ਐਤਵਾਰ ਨੂੰ ਮੁਹਾਲੀ ਦੀਆਂ ਸੜਕਾਂ ’ਤੇ ਰਾਹਗੀਰਾਂ ਤੋਂ ਭੀਖ ਮੰਗ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਗਿਆ ਸੀ ਭੰਡੀ ਪ੍ਰਚਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਗਸਤ:
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਦੇ ਬਾਹਰ ਲਗਾਏ ਲੜੀਵਾਰ ਧਰਨੇ ਦੇ ਪੰਜਵੇਂ ਦਿਨ ਭੁੱਖ ਹੜਤਾਲ ਜਾਰੀ ਰਹੀ। ਅੱਜ ਅੰਗਹੀਣ ਲੇਖ ਸਿੰਘ ਫਿਰੋਜ਼ਪੁਰ, ਬਲਵਿੰਦਰ ਸਿੰਘ ਰੂਪਨਗਰ, ਸੁਰਜੀਤ ਸਿੰਘ ਫਿਰੋਜ਼ਪੁਰ, ਮਨਵੀਰ ਕੌਰ ਮੁਕਤਸਰ ਅਤੇ ਰਾਜਵੀਰ ਕੌਰ ਮੁਕਤਸਰ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਤਿੱਖਾ ਕਰਦਿਆਂ ਸਿੱਖਿਆ ਸਕੱਤਰ ਅਤੇ ਡੀਪੀਆਈ ਦਫ਼ਤਰਾਂ ਦੇ ਮੁੱਖ ਗੇਟ ਬੰਦ ਕਰਕੇ ਪੂਰੇ ਸਿੱਖਿਆ ਭਵਨ ਨੂੰ ਘੇਰਾ ਪਾ ਲਿਆ ਅਤੇ ਇਕ ਤਰ੍ਹਾਂ ਸਾਰੇ ਅਧਿਕਾਰੀ ਹਅਤੇ ਮੁਲਾਜ਼ਮ ਦਫ਼ਤਰਾਂ ਵਿੱਚ ਬੰਦ ਹੋ ਗਏ। ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਵੱਡੀ ਮਾਤਰਾ ਵਿੱਚ ਪੁਲੀਸ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਧਰਨਾਕਾਰੀਆਂ ਨੂੰ ਗੱਲੀਬਾਤੀਂ ਸਮਝਾ ਕੇ ਬੜੀ ਮੁਸ਼ਕਲ ਨਾਲ ਗੇਟ ਖੁੱਲਵਾਏ। ਐਤਵਾਰ ਨੂੰ ਪ੍ਰਦਰਸ਼ਨਕਾਰੀ ਕੁੜੀਆਂ ਨੇ ਆਪਣੇ ਹੱਥਾਂ ਵਿੱਚ ਖਾਲੀ ਪਲੇਟਾਂ ਫੜ ਕੇ ਮੁੱਖ ਸੜਕ ’ਤੇ ਆਉਂਦੇ ਜਾਂਦੇ ਰਾਹਗੀਰਾਂ ਤੋਂ ਭੀਖ ਮੰਗ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਗਿਆ ਸੀ।
ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਜਨਰਲ ਸਕੱਤਰ ਹਰਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਸੋਨੂੰ ਬਾਲੀਆ ਨੇ ਕਿਹਾ ਕਿ ਅੰਗਹੀਣ ਅਤੇ ਸੁਤੰਤਰਤਾ ਸੈਨਾਨੀ ਕੋਟੇ ਦੀਆਂ 161 ਅਸਾਮੀਆਂ ’ਤੇ ਜ਼ਬਰਦਸਤੀ ਗਰੈਜੂਏਸ਼ਨ ਦੀ ਸ਼ਰਤ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗਰੈਜੂਏਸ਼ਨ ਦੀ ਸ਼ਰਤ ਨੂੰ ਸੋਧ ਕੇ ਤਤਕਾਲੀ ਫੈਸਲੇ ਮੁਤਾਬਕ ਬਾਰ੍ਹਵੀਂ ਈਟੀਟੀ ਟੈੱਟ ਪਾਸ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇ ਅਤੇ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਨੋਟੀਫਿਕੇਸ਼ਨ 12ਵੀਂ ਬੇਸ ਤੁਰੰਤ ਜਾਰੀ ਕੀਤਾ ਜਾਵੇ, ਪੰਜਾਬ ਵਿੱਚ ਆਈਟੀਟੀ ਅਧਿਆਪਕਾਂ ਦੀਆ ਖਾਲੀ ਪਈਆਂ 12 ਹਜ਼ਾਰ ਅਸਾਮੀਆਂ ਨੂੰ ਪਹਿਲ ਦੇ ਆਧਾਰ ’ਤੇ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਅਧਿਕਾਰੀਆਂ ਨੇ ਉਨ੍ਹਾਂ ਦੀ ਜਾਇਜ਼ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਹੋਰਨਾਂ ਮੁਲਾਜ਼ਮਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਜਨ ਅੰਦੋਲਨ ਵਿੱਢਿਆ ਜਾਵੇਗਾ। ਬੇਰੁਜ਼ਗਾਰ ਅਧਿਆਪਕਾਂ ਨੇ ਗੁਪਤ ਐਕਸ਼ਨ ਕਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਇਸ ਦੌਰਾਨ ਪੈਦਾ ਹੋਏ ਹਾਲਾਤਾਂ ਲਈ ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਕੋਟਕਪੁਰਾ ਅਤੇ ਰੁਪਿੰਦਰ ਸਿੰਘ ਨੇ ਵੀ ਧਰਨੇ ਵਾਲੀ ਥਾਂ ਪਹੁੰਚ ਕੇ ਬੇਰੁਜ਼ਗਾਰ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…