Nabaz-e-punjab.com

ਮਾਲ ਗੱਡੀਆਂ ਤੋਂ ਬਾਅਦ ਹੁਣ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 8 ਨਵੰਬਰ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਮਾਲ ਗੱਡੀਆਂ ਦੀ ਆਵਾਜਾਈ ਦੀ ਖੁੱਲ੍ਹ ਦੇਣ ਤੋਂ ਬਾਅਦ, ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖਦੇ ਹੋਏ, ਕਿਸਾਨ ਜਥੇਬੰਦੀਆਂ ਨੂੰ ਹੁਣ ਮੁਸਾਫ਼ਿਰ ਗੱਡੀਆਂ ਦੀ ਆਵਾਜਾਈ ਦੀ ਖੁੱਲ੍ਹ ਦੇਣ ਉੱਤੇ ਵੀ ਦਾਨਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਵਿੱਚ ਵੀ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਮੁਸਾਫ਼ਰ ਗੱਡੀਆਂ ਦੀ ਆਵਾਜਾਈ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪ੍ਰਾਈਵੇਟ ਟਰਾਂਸਪੋਰਟ ਅਪਰੇਟਰਾਂ ਵੱਲੋਂ ਖੁਲ੍ਹੀ ਲੁੱਟ ਕੀਤੀ ਜਾ ਰਹੀ ਹੈ।
ਅੱਜ ਇੱਥੇ ਉਹਨਾਂ ਕਿਹਾ ਕਿ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਟਰਾਂਸਪੋਰਟ ਬਿਜ਼ਨਸ ਵਿੱਚ ਭਾਗੀਦਾਰਾਂ ਦੀ ਚਾਂਦੀ ਹੋ ਰਹੀ ਹੈ। ਏਸੇ ਲਈ ਬਾਦਲ ਪਰਿਵਾਰ ਦੀ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਵਿੱਚ ਡਾਢੀ ਦਿਲਚਸਪੀ ਹੈ ਅਤੇ ਉਹ ਆਪਣੇ ਏਜੰਟਾਂ ਰਾਹੀਂ ਇਸ ਸਥਿੱਤੀ ਨੂੰ ਹੋਰ ਵਧੇਰੇ ਸਮੇ ਲਈ ਲਮਕਾ ਵਿੱਚ ਰੱਖਕੇ, ਆਪਣੇ ਵਪਾਰਕ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ, ਕਿਉਂਕਿ ਪੰਜਾਬ ਵਿੱਚ ਇਸ ਵੇਲੇ ਲਗਪਗ ਸਾਰੇ ਕਮਾਊ ਰੂਟਾਂ ਤੇ, ਬੱਸਾਂ ਦਾ ਸਭ ਤੋਂ ਵੱਡਾ ਕਾਰੋਬਾਰ ਬਾਦਲ ਪਰਿਵਾਰ ਦਾ ਹੈ, ਜਿਨ੍ਹਾਂ ਦੇ ਬੱਸ-ਬੇੜ ਦੀ ਗਿਣਤੀ ਇੱਕ ਹਜ਼ਾਰ ਦੇ ਲਗਪਗ ਬਵਦੀ ਹੈ। ਖੱਬੇ-ਪੱਖੀ ਕਿਸਾਨ ਜਥੇਬੰਦੀਆਂ ਨੂੰ ਇਸ ਸਾਰੇ ਮਾਮਲੇ ਦੇ ਗੁਪਤ ਸਰੋਕਾਰਾਂ ਦੇ ਏਜੰਡੇ ਨੂੰ ਬਰੀਕੀ ਨਾਲ ਸਮਝਣਾ ਚਾਹੀਦਾ ਹੈ ਕਿ ਇਹ ਫੈਸਲਾ ਲੋਕ ਪੱਖੀ ਘੱਟ ਹੈ ਸਗੋਂ ਇਸ ਦਾ ਫਾਇਦਾ ਵੱਡੇ ਟਰਾਂਸਪੋਰਟਰਾਂ ਦੀ ਮੁਨਾਫ਼ਾਖੋਰ ਲਾਬੀ ਦੇ ਜੇਬ ਵਿੱਚ ਜਾ ਰਿਹਾ ਹੈ ਅਤੇ ਆਮ ਆਦਮੀ ਇਸ ਕਸ਼ਮਕਸ਼ ਵਿੱਚ ਪਿਸ ਰਿਹਾ ਹੈ। ਇਸ ਲਈ ਕਿਸਾਨ ਅੰਦੋਲਨ ਨੂੰ ਲਗਾਤਾਰਤਾ ਵਿੱਚ ਅੱਗੇ ਤੋਰਦੇ ਹੋਏ ਘੱਟੋ-ਘੱਟ ਮਾਸਾਫ਼ਰ ਗੱਡੀਆਂ ਦੀ ਆਵਾਜਾਈ ਨੂੰ ਖੁਲ੍ਹ ਦੇਣ ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰੇਲ ਮੰਤਰੀ ਨੂੰ ਵੀ ਕਿਸਾਨਾਂ ਦੇ ਵਡੇਰੇ ਹਿੱਤਾਂ ਵਿੱਚ ਆਪਣਾ ਅੜੀਅਲ ਰਵੱਈਆ ਤਿਆਗ ਦੇਣਾਂ ਚਾਹੀਦਾ ਹੈ। ਕਿਸੇ ਵੀ ਲੋਕਤੰਤਰ ਵਿੱਚ ਅਜਿਹੇ ਵਿਦ੍ਰੋਹੀ ਤੇ ਲਚਕਹੀਣ, ਅੜੀਅਲ ਰਵੱਈਏ ਦੀ ਕੋਈ ਥਾਂ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਅਮਰੀਕਾ ਦੇ ਰਾਸ਼ਟਰਪਤੀ ਦੀ ਚੋਂਣ ਲਈ, ਹੁਣੇ-ਹੁਣੇ ਸੰਪੰਨ ਹੋਈਆਂ ਚੋਣਾਂ ਦੇ ਫੈਸਲੇ ਅਤੇ ਡੌਨਲ ਟਰੰਪ ਦੀ ਹੱਠਧਰਮੀ ਤੇ ਅੜੀਅਲਪੁਣੇ ਦੀ ਹੋਈ ਹਾਰ ਤੋਂ ਕੋਈ ਸਬਕ ਸਿੱਖਣਾ ਚਾਹੀਦਾ ਹੈ। ਬਿਹਾਰ ਦੀਆਂ ਆਮ ਚੋਣਾਂ ਦੀਆਂ ਵੋਟਾਂ ਭੁਗਤ ਜਾਣ ਪਿੱਛੋਂ ਜੋ ਨਿਸ਼ਚਿਤ ਸੰਕੇਤਾਂ ਦੀ ਜਾਣਕਾਰੀ , ਮੀਡੀਏ ਰਾਹੀਂ ਲੋਕਾਂ ਤੱਕ ਅਪੜ ਰਹੀ ਹੈ, ਉਹ ਨਰਿੰਦਰ ਮੋਦੀ ਦੇ ਅੜੀਅਲ ਰਵੱਈਏ ਖਿਲਾਫ਼ ਲੋਕ-ਰੋਹ ਦਾ ਪੈਗਾਮ ਦੇ ਰਹੀ ਹੈ। ਇਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਪਿਊਸ਼ ਗੋਇਲ ਸਮੇਤ ਭਾਜਪਾ ਅਤੇ ਆਰਐਸਐਸ ਦੇ ਆਗੂਆਂ ਨੂੰ ਹੁਣ ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ ਹੈ ਅਤੇ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਅੱਗੇ ਸਿਰ ਝੁਕਾ ਕੇ ਕਿਸਾਨ ਵਿਰੋਧੀ ਕਾਨੂੰਨ, ਤੁਰੰਤ ਪਾਰਲੀਮੈਂਦ ਦੇ ਦੋਹਵਾਂ ਸਦਨਾਂ ਦਾ ਵਿਸ਼ੇਸ਼ ਸੈਸ਼ਨ ਸੱਦ ਕੇ, ਕਿਸਾਨ ਵਿਰੋਧੀ ਤਿੰਨੇ ਕਾਨੂੰਨ ਤੁਰੰਤ ਪ੍ਰਭਾਵ ਨਾਲ ਰੱਦ ਕਰਨੇ ਚਾਹੀਦੇ ਹਨ ਅਤੇ ਕਿਸਾਨ ਆਗੂਆਂ ਦੀ ਸਹਿਮਤੀ ਨਾਲ ਇੱਕ ਨਵਾਂ ਕਿਸਾਨ ਅਤੇ ਕ੍ਰਿਸਾਨੀ ਬਚਾਓ ਕਾਨੂੰਨ 2020 ਪਾਸ ਕਰਨਾ ਚਾਹੀਦਾ ਜੋ ਦੇਸ਼ ਦੇ ਸਾਰੇ ਕਿਸਾਨ ਦੇ ਸਰੋਕਰਾਂ ਦੀ ਪੁਖਤਾ ਪੇਸ਼ਬੰਦੀ ਕਰਦਾ ਹੋਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …