
ਆਵਾਜਾਈ ਸਹੂਲਤਾਂ: ਲਾਂਡਰਾਂ ਜੰਕਸ਼ਨ ’ਤੇ ਰਾਹਗੀਰਾਂ ਨੂੰ ਮਿਲੇਗੀ ਲੰਮੇ ਜਾਮ ਤੋਂ ਰਾਹਤ
ਪੰਜਾਬ ਸਰਕਾਰ ਵੱਲੋਂ ਟੀ ਪੁਆਇੰਟ ਖ਼ਤਮ ਕਰਕੇ ਲਾਂਡਰਾਂ ਤੋਂ ਰੇਲਵੇ ਕਰਾਸਿੰਗ ਤੱਕ ਸਿੱਧੇ ਕੀਤੀ ਜਾਵੇਗੀ ਸੜਕ
ਲਾਂਡਰਾਂ ਜੰਕਸ਼ਨ ਦੀ ਉਸਾਰੀ ਕਾਰਜਾਂ ’ਤੇ 25.70 ਕਰੋੜ ਰੁਪਏ ਖ਼ਰਚੇ ਜਾਣਗੇ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ:
ਇੱਥੋਂ ਦੇ ਨਜ਼ਦੀਕੀ ਕਸਬਾ-ਨੁਮਾ ਪਿੰਡ ਲਾਂਡਰਾਂ ਜੰਕਸ਼ਨ ’ਤੇ ਹੁਣ ਰਾਹਗੀਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਲੰਮੇ ਜਾਮ ਤੋਂ ਛੁਟਕਾਰਾ ਮਿਲ ਜਾਵੇਗਾ। ਪੰਜਾਬ ਸਰਕਾਰ ਨੇ ਲਾਂਡਰਾਂ ਟੀ ਪੁਆਇੰਟ ਨੂੰ ਖ਼ਤਮ ਕਰਕੇ ਸੋਹਾਣਾ ਤੋਂ ਆ ਰਹੀ ਸੜਕ ਨੂੰ ਲਾਂਡਰਾਂ ਚੌਕ ਤੋਂ ਸਰਹਿੰਦ ਸੜਕ ’ਤੇ ਰੇਲਵੇ ਕਰਾਸਿੰਗ ਤੱਕ ਸਿੱਧੀ ਕੱਢਣ ਦਾ ਫੈਸਲਾ ਲਿਆ ਹੈ ਅਤੇ ਇਹ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਇੱਥੇ ਇਹ ਦੱਸਣਯੋਗ ਹੈ ਕਿ ਲਾਂਡਰਾਂ ਚੌਕ ’ਤੇ ਰੋਜ਼ਾਨਾ ਲੰਮਾ ਜਾਮ ਲੱਗਣ ਕਾਰਨ ਰਾਹਗੀਰਾਂ ਅਤੇ ਇਲਾਕੇ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਲਾਂਡਰਾਂ ਜੰਕਸ਼ਨ ਦੀ ਉਸਾਰੀ ਕਾਰਜਾਂ ’ਤੇ 25.70 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਅਤੇ ਇਹ ਪ੍ਰਾਜੈਕਟ ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਹ ਸਾਰਾ ਪੈਸਾ ਰਿਲੀਜ਼ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਹੋਰ ਫੰਡਾਂ ਦੀ ਲੋੜ ਪਈ ਤਾਂ ਸਰਕਾਰੀ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲਾਂਡਰਾਂ ਚੌਕ ’ਤੇ ਟੀ ਪੁਆਇੰਟ ਖ਼ਤਮ ਕਰਕੇ ਸਿੱਧੀ ਸੜਕ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ 18 ਕਰੋੜ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਅਤੇ 7 ਕਰੋੜ ਨਾਲ ਸੜਕ ’ਤੇ ਖ਼ਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸਿਰ੍ਹੇ ਚੜ੍ਹਨ ਨਾਲ ਲਾਂਡਰਾਂ ਵਿੱਚ ਆਵਾਜਾਈ ਦੀ ਕੋਈ ਦਿੱਕਤ ਨਹੀਂ ਆਵੇਗੀ। ਇਸ ਦੇ ਨਾਲ ਹੀ ਜ਼ਿਲ੍ਹਾ ਜੁਡੀਸ਼ਲ ਅਤੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੋਂ ਲਾਂਡਰਾਂ ਚੌਕ ਤੱਕ ਸੜਕ ਨੂੰ ਚੌੜਾ ਤੇ ਮਜ਼ਬੂਤ ਬਣਾਇਆ ਜਾਵੇਗਾ।
ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਲਾਂਡਰਾਂ ਦੇ ਸਰਬਪੱਖੀ ਵਿਕਾਸ ਲਈ ਸਰਪੰਚ ਹਰਚਰਨ ਸਿੰਘ ਗਿੱਲ ਤੇ ਹੋਰ ਪਤਵੰਤਿਆਂ ਨੂੰ 18 ਲੱਖ ਦੀ ਗਰਾਂਟ ਦਾ ਚੈੱਕ ਦਿੱਤਾ। ਉਨ੍ਹਾਂ ਕਿਹਾ ਕਿ ਲਾਂਡਰਾਂ ਨੂੰ ਵਿਕਾਸ ਪੱਖੋਂ ਮੁਹਾਲੀ ਹਲਕੇ ਦਾ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 13 ਲੱਖ ਰੁਪਏ ਨਾਲ ਪਿੰਡ ਲਾਂਡਰਾਂ ਵਿੱਚ ਸ਼ਹਿਰ ਦੀ ਤਰਜ਼ ’ਤੇ ਸੀਵਰੇਜ ਪਾਇਆ ਜਾਵੇਗਾ। ਇਸੇ ਫੰਡਾਂ ’ਚੋਂ ਪਿੰਡ ਗੰਦੇ ਪਾਣੀ ਦੀ ਨਿਕਾਸੀ ਅਤੇ ਛੱਪੜ ਦੀ ਸਫ਼ਾਈ ਅਤੇ ਪਿੰਡ ਦੀਆਂ ਗਲੀਆਂ ਨਾਲੀਆਂ ਬਣਾਈਆਂ ਜਾਣਗੀਆਂ। ਜਦੋਂਕਿ 5 ਲੱਖ ਰੁਪਏ ਦੀ ਲਾਗਤ ਨਾਲ ਸਮੁੱਚੇ ਪਿੰਡ ਦੀਆਂ ਗਲੀਆਂ ਸੜਕਾਂ ’ਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸੇ ਤਰ੍ਹਾਂ ਸਿਹਤ ਮੰਤਰੀ ਨੇ ਨੇੜਲੇ ਪਿੰਡ ਰਾਏਪੁਰ ਕਲਾਂ, ਸਨੇਟਾ, ਬੜਮਾਜਰਾ, ਨਗਾਰੀ, ਮਿੱਢੇ ਮਾਜਰਾ ਅਤੇ ਗੀਗੇਮਾਜਰਾ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਗਰਾਂਟਾਂ ਦੇ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਨਵਾਂ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿੱਚ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਮੋਹਨ ਸਿੰਘ ਬਠਲਾਣਾ, ਅਜੈਬ ਸਿੰਘ ਬਾਕਰਪੁਰ, ਰਜਿੰਦਰ ਸਿੰਘ ਰਾਏਪੁਰ, ਭੁਪਿੰਦਰ ਸਿੰਘ ਨਗਾਰੀ ਸਮੇਤ ਪਿੰਡਾਂ ਦੇ ਹੋਰ ਪਤਵੰਤੇ ਹਾਜ਼ਰ ਸਨ।