Nabaz-e-punjab.com

ਲੇਟ ਲਤੀਫ਼ੀ: ਸਾਲ ਬੀਤ ਜਾਣ ਮਗਰੋਂ ਵੀ ਨੇਪਰੇ ਨਹੀਂ ਚੜ੍ਹਿਆ ਪਾਰਕ ਨੂੰ ਵਿਕਸਤ ਦਾ ਕੰਮ

ਠੇਕੇਦਾਰ ਵੱਲੋਂ ਕੰਮ ਪੂਰਾ ਕਰਨ ਦੀ ਥਾਂ ਕੀਤੀ ਜਾ ਰਹੀ ਹੈ ਬਹਾਨੇਬਾਜ਼ੀ: ਸੈਹਬੀ ਆਨੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਸਥਾਨਕ ਫੇਜ਼-7 ਦੇ ਵਾਰਡ ਨੰਬਰ 20 ਵਿੱਚ ਵਾਈ ਪੀ ਐਸ ਚੌਂਕ ਦੇ ਨਾਲ ਲੱਗਦੇ ਫੇਜ਼-7 ਦੇ ਪਾਰਕ ਲਈ ਪਿਛਲੇ ਸਾਲ ਪਾਸ ਹੋਏ ਲਗਭਗ 15 ਲੱਖ ਦੇ ਕੰਮ ਦਾ ਠੇਕਾ ਲੈਣ ਵਾਲੇ ਠੇਕੇਦਾਰ ਵੱਲੋਂ 10 ਮਹੀਨੇ ਬੀਤ ਜਾਣ ਦੇ ਬਾਵਜੂਦ ਪਾਰਕ ਦੀ ਉਸਾਰੀ ਦਾ ਕੰਮ ਮੁਕੰਮਲ ਨਾ ਕੀਤੇ ਜਾਣ ਕਾਰਨ ਇਸ ਖੇਤਰ ਦੇ ਵਸਨੀਕਾਂ ਵਿੱਚ ਰੋਸ ਫੈਲ ਰਿਹਾ ਹੈ। ਫੇਜ਼-7 ਦੇ ਐਚਈ ਕਵਾਟਰਾਂ ਦੇ ਨਾਲ ਲੱਗਦੇ ਇਸ ਪਾਰਕ ਦੇ ਵਿਕਾਸ ਲਈ ਨਿਗਮ ਵੱਲੋਂ ਮਤਾ ਪਾਸ ਕਰਕੇ ਇਸਦਾ ਕੰਮ ਪਿਛਲੇ ਸਾਲ ਸਤੰਬਰ ਵਿੱਚ ਠੇਕੇਦਾਰ ਨੂੰ ਸੌਂਪਿਆ ਗਿਆ ਸੀ ਪ੍ਰੰਤੂ 10 ਮਹੀਨੇ ਬੀਤਣ ਦੇ ਬਾਵਜੂਦ ਇਸ ਪਾਰਕ ਦਾ ਕੰਮ ਹਾਲੇ ਵਿਚਾਲੇ ਹੀ ਲਮਕ ਰਿਹਾ ਹੈ।
ਫੇਜ਼-7 ਦੇ ਐਮਸੀ ਸ੍ਰੀ ਸੈਹਬੀ ਆਨੰਦ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਪਾਰਕ ਦਾ ਕੰਮ ਮਾਵੀ ਨਾਮ ਦੇ ਕਿਸੇ ਠੇਕੇਦਾਰ ਨੂੰ ਸੌਂਪਿਆ ਗਿਆ ਸੀ ਜਿਸ ਵੱਲੋਂ ਪਹਿਲਾਂ ਤਾਂ ਇਹ ਕੰਮ ਆਰੰਭ ਹੀ ਨਹੀਂ ਕੀਤਾ ਗਿਆ ਅਤੇ ਬਾਅਦ ਵਿੱਚ ਇਹ ਕੰਮ ਕਿਸੇ ਹੋਰ ਠੇਕੇਦਾਰ ਨੂੰ ਸੌਂਪ ਦਿੱਤਾ ਗਿਆ। ਉਹਨਾਂ ਕਿਹਾ ਕਿ ਪਾਰਕ ਦਾ ਕੰਮ ਅਲਾਟ ਹੋਣ ਨੂੰ ਇੱਕ ਸਾਲ ਹੋਣ ਵਾਲਾ ਹੈ ਪ੍ਰੰਤੂ ਠੇਕੇਦਾਰ ਵੱਲੋਂ ਇਹ ਕੰਮ ਮੁਕੰਮਲ ਕਰਨ ਦੀ ਥਾਂ ਬਹਾਨੇ ਬਾਜੀ ਕਰਕੇ ਸਮਾਂ ਲੰਘਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਠੇਕੇਦਾਰ ਵੱਲੋਂ ਪਾਰਕ ਦੀ ਬਾਉੱਡਰੀ ਵਾਲ ਕਰਕੇ ਇੱਥੇ ਟਰੈਕ ਤਾਂ ਬਣਾ ਦਿੱਤਾ ਗਿਆ ਹੈ ਪ੍ਰੰਤੂ ਇੱਥੇ ਲੈਂਡ ਸਕੇਪਿੰਗ ਕਰਕੇ ਘਾਹ ਅਤੇ ਬੂਟੇ ਲਗਾਉਣ, ਝੂਲੇ ਅਤੇ ਬੈਂਚ ਲਗਾਉਣ ਦਾ ਕੰਮ ਵਿਚਾਲੇ ਹੀ ਲਮਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਹ ਠੇਕੇਦਾਰ ਨਾਲ ਸੰਪਰਕ ਕਰਦੇ ਹਨ ਤਾਂ ਉਹ ਅੱਗੋਂ ਬਹਾਨੇਬਾਜ਼ੀ ਕਰਨ ਲੱਗ ਜਾਂਦਾ ਹੈ ਕਿ ਨਿਗਮ ਵੱਲੋਂ ਉਸ ਨੂੰ ਪੇਮੈਂਟ ਨਹੀਂ ਮਿਲ ਰਹੀ ਜਿਸ ਕਾਰਨ ਕੰਮ ਰੁਕਿਆ ਹੋਇਆ ਹੈ। ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਪਾਰਕ ਦੇ ਠੇਕੇਦਾਰ ਨੂੰ ਬਲੈਕਲਿਸਟ ਕਰਕੇ ਇਸ ਦੀ ਪੇਮੈਂਟ ਰੋਕੀ ਜਾਵੇ ਅਤੇ ਇਹ ਕੰਮ ਕਿਸੇ ਹੋਰ ਠੇਕੇਦਾਰ ਨੂੰ ਅਲਾਟ ਕੀਤਾ ਜਾਵੇ ਤਾਂ ਜੋ ਇਸ ਪਾਰਕ ਦਾ ਕੰਮ ਮੁਕੰਮਲ ਹੋਣ ਨਾਲ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…