nabaz-e-punjab.com

ਪਾਦਰੀ ਕੇਸ: ਪਾਦਰੀ ਐਂਥਨੀ ਮੈਡਾਸਰ ਗਵਾਹੀ ਦੇਣ ਲਈ ਅਦਾਲਤ ਵਿੱਚ ਪੇਸ਼ ਨਹੀਂ ਹੋਏ

ਪਾਦਰੀ ਨੇ ਵਕੀਲ ਰਾਹੀਂ ਜਮ੍ਹਾ ਰਾਸ਼ੀ ਰਿਲੀਜ਼ ਦੀ ਮੰਗ, ਦੋਵੇਂ ਕੇਸਾਂ ਦੀ ਅਗਲੀ ਸੁਣਵਾਈ 3 ਫਰਵਰੀ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਜਲੰਧਰ ਦੇ ਪਾਦਰੀ ਐਂਥਨੀ ਮੈਡਾਸਰ ਕੋਲੋਂ ਛਾਪੇਮਾਰੀ ਦੌਰਾਨ ਬਰਾਮਦ ਕਰੋੜਾਂ ਰੁਪਏ ਦੀ ਰਾਸ਼ੀ ’ਚੋਂ 6.66 ਕਰੋੜ ਖੁਰਦ ਬੁਰਦ ਕਰਨ ਦੇ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਹੋਈ। ਅੱਜ ਇਸ ਕੇਸ ਵਿੱਚ ਪਾਦਰੀ ਐਂਥਨੀ ਮੈਡਾਸਰ ਦੇ ਸਰਕਾਰੀ ਗਵਾਹ ਵਜੋਂ ਬਿਆਨ ਦਰਜ ਹੋਏ ਸੀ ਪ੍ਰੰਤੂ ਪਾਦਰੀ ਗਵਾਹੀ ਦੇਣ ਲਈ ਅਦਾਲਤ ਨਹੀਂ ਪਹੁੰਚੇ। ਉਨ੍ਹਾਂ ਦੇ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਉਹ (ਪਾਦਰੀ) ਪੰਜਾਬ ’ਚੋਂ ਬਾਹਰ ਕਿਸੇ ਜ਼ਰੂਰੀ ਕੰਮ ਗਏ ਹੋਏ ਹਨ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 3 ਫਰਵਰੀ ’ਤੇ ਅੱਗੇ ਪਾ ਦਿੱਤੀ ਹੈ। ਉਧਰ, ਪਾਦਰੀ ਵੱਲੋਂ ਆਪਣੇ ਵਕੀਲ ਰਾਹੀਂ ਪੁਲੀਸ ਵੱਲੋਂ ਬਰਾਮਦ ਰਾਸ਼ੀ ਉਸ ਨੂੰ ਰਿਲੀਜ਼ ਕਰਨ ਲਈ ਦਾਇਰ ਕੀਤੀ ਅਰਜ਼ੀ ’ਤੇ ਵੀ 3 ਫਰਵਰੀ ਨੂੰ ਹੀ ਸੁਣਵਾਈ ਹੋਵੇਗੀ।
ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਥਾਣੇਦਾਰਾਂ ਏਐਸਆਈ ਜੋਗਿੰਦਰ ਸਿੰਘ, ਏਐਸਆਈ ਰਾਜਪ੍ਰੀਤ ਸਿੰਘ, ਏਐਸਆਈ ਦਿਲਬਾਗ ਸਿੰਘ ਅਤੇ ਹੌਲਦਾਰ ਅਮਰੀਕ ਸਿੰਘ ਸਮੇਤ ਗੁਰਪ੍ਰੀਤ ਸਿੰਘ, ਮੁਹੰਮਦ ਸ਼ਕੀਲ, ਸੰਜੀਵ ਕੁਮਾਰ, ਦਵਿੰਦਰ ਕੁਮਾਰ ਉਰਫ਼ ਕਾਲਾ ਆੜ੍ਹਤੀਆ, ਪੁਲੀਸ ਦੇ ਮੁਖਬਰ ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ ਉਰਫ਼ ਗੈਰੀ ਅਤੇ ਅਮਨਦੀਪ ਕੰਬੋਜ ਖ਼ਿਲਾਫ਼ ਧਾਰਾ-212, 409, 109, 119, 392, 379ਬੀ, 411, 120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਦੋਸ਼ ਤੈਅ ਹੋ ਚੁੱਕੇ ਹਨ। ਜਦੋਂਕਿ ਇਸ ਮਾਮਲੇ ਵਿੱਚ ਨਾਮਜ਼ਦ ਨਿਰਮਲ ਸਿੰਘ ਅਤੇ ਸੁਰਿੰਦਰਪਾਲ ਸ਼ਰਮਾ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ।
ਪੰਜਾਬ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੌਰਾਨ ਹੁਣ ਤੱਕ 4 ਕਰੋੜ 51 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਸਨ। ਖੰਨਾ ਪੁਲੀਸ ਵੱਲੋਂ ਛਾਪੇਮਾਰੀ ਦੌਰਾਨ 9.66 ਕਰੋੜ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਸੀ ਜਦੋਂਕਿ ਪਾਦਰੀ ਐਂਥਨੀ ਦਾ ਦਾਅਵਾ ਸੀ ਕਿ ਪੁਲੀਸ ਨੇ ਉਸ ਦੇ ਦਫ਼ਤਰ ’ਚੋਂ 16.66 ਕਰੋੜ ਰੁਪਏ ਆਪਣੇ ਕਬਜ਼ੇ ਵਿੱਚ ਲਏ ਸਨ। ਪੰਜਾਬ ਸਰਕਾਰ ਵੱਲੋਂ ਡੀਜੀਪੀ ਰਾਹੀਂ ਇਸ ਮਾਮਲੇ ਦੀ ਜਾਂਚ ਸਟੇਟ ਕਰਾਈਮ ਸੈੱਲ ਨੂੰ ਸੌਂਪੀ ਗਈ ਸੀ।

Load More Related Articles

Check Also

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ

ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਸ਼ਵ ਸ਼ਾਂਤੀ ਤੇ ਹਿੰਦ-ਪਾਕਿ…