Share on Facebook Share on Twitter Share on Google+ Share on Pinterest Share on Linkedin ਪਾਦਰੀ ਕੇਸ: ਮੁਹਾਲੀ ਅਦਾਲਤ ਵੱਲੋਂ ਦੋਵੇਂ ਥਾਣੇਦਾਰਾਂ ਦਾ 5 ਰੋਜ਼ਾ ਪੁਲੀਸ ਰਿਮਾਂਡ ਪਟਿਆਲਾ ਤੇ ਸੰਗਰੂਰ ਤੋਂ ਗ੍ਰਿਫ਼ਤਾਰ ਚਾਚਾ ਸਹੁਰਾ ਤੇ ਹੋਰ ਜਾਣਕਾਰਾਂ ਨੂੰ 3 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਮੁਲਜ਼ਮ ਥਾਣੇਦਾਰਾਂ ਦੇ ਜਾਣਕਾਰਾਂ ਦੇ ਘਰਾਂ ’ਚੋਂ ਬਰਾਮਦ ਰਾਸ਼ੀ 2 ਕਰੋੜ 39 ਲੱਖ 50 ਹਜ਼ਾਰ ਵੀ ਕੀਤੀ ਅਦਾਲਤ ਵਿੱਚ ਪੇਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ: ਜਲੰਧਰ ਦੇ ਪਾਦਰੀ ਦੀ 6.66 ਕਰੋੜ ਰੁਪਏ ਦੀ ਰਾਸ਼ੀ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦੋਵੇਂ ਥਾਣੇਦਾਰਾਂ ਏਐਸਆਈ ਜੋਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਅਤੇ ਥਾਣੇਦਾਰ ਰਾਜਪ੍ਰੀਤ ਸਿੰਘ ਦੇ ਚਾਚਾ ਸਹੁਰਾ ਹੌਲਦਾਰ ਅਮਰੀਕ ਸਿੰਘ ਸਮੇਤ ਗੁਰਪ੍ਰੀਤ ਸਿੰਘ, ਮੁਹੰਮਦ ਸ਼ਕੀਲ, ਸੰਜੀਵ ਕੁਮਾਰ ਅਤੇ ਦਵਿੰਦਰ ਸਿੰਘ ਨੂੰ ਸ਼ੁੱਕਰਵਾਰ ਨੂੰ ਮੁਹਾਲੀ ਦੀ ਡਿਊਟੀ ਮੈਜਿਸਟਰੇਟ ਮੈਡਮ ਰੁਚੀ ਕੰਬੋਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵੇਂ ਥਾਣੇਦਾਰਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜਦੋਂਕਿ ਬਾਕੀ ਮੁਲਜ਼ਮਾਂ ਦਾ ਤਿੰਨ ਦਿਨ ਪੁਲੀਸ ਰਿਮਾਂਡ ਦਿੱਤਾ ਹੈ। ਇਸ ਸਬੰਧੀ ਪੰਜਾਬ ਪੁਲੀਸ ਦੇ ਮੁਹਾਲੀ ਸਥਿਤ ਸਟੇਟ ਕਰਾਈਮ ਥਾਣਾ ਫੇਜ਼-4 ਵਿੱਚ ਉਕਤ ਥਾਣੇਦਾਰਾਂ ਸਮੇਤ ਪੁਲੀਸ ਦੇ ਮੁਖ਼ਬਰ ਸੁਰਿੰਦਰ ਸਿੰਘ ਵਾਸੀ ਨੌਸ਼ਹਿਰਾ ਖੁਰਦ, ਜ਼ਿਲ੍ਹਾ ਗੁਰਦਾਸਪੁਰ ਦੇ ਖ਼ਿਲਾਫ਼ ਧਾਰਾ 406, 34 ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਅਦ ਵਿੱਚ ਮੁਲਜ਼ਮਾਂ ਖ਼ਿਲਾਫ਼ ਧਾਰਾ 392 ਜੋੜ ਕੇ ਡਕੈਤੀ ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ। ਹੁਣ ਮਾਮਲੇ ਵਿੱਚ ਏਐਸਆਈ ਦਿਲਬਾਗ ਸਿੰਘ ਸਮੇਤ ਸੰਗਰੂਰ ਅਤੇ ਪਟਿਆਲਾ ਤੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਥਾਣੇਦਾਰ ਦਿਲਬਾਗ ਸਿੰਘ ਅਤੇ ਮੁਖ਼ਬਰ ਸੁਰਿੰਦਰ ਸਿੰਘ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹਨ। ਅੱਜ ਅਦਾਲਤ ਵਿੱਚ ਪੇਸ਼ ਹੋਏ ਸਟੇਟ ਕਰਾਈਮ ਦੇ ਏਆਈਜੀ ਰਾਕੇਸ਼ ਕੌਸ਼ਲ ਅਤੇ ਸਰਕਾਰੀ ਵਕੀਲ ਨੇ ਵੱਖ ਵੱਖ ਅਰਜ਼ੀਆਂ ਦਾਇਰ ਕਰਕੇ ਮੁਲਜ਼ਮਾਂ ਥਾਣੇਦਾਰਾਂ ਅਤੇ ਬਾਕੀ ਮੁਲਜ਼ਮਾਂ ਦੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਥਾਣੇਦਾਰਾਂ ਨੇ ਮੁਖ਼ਬਰ ਦੀ ਸੂਚਨਾ ’ਤੇ ਜਲੰਧਰ ਸਥਿਤ ਪਾਦਰੀ ਦੇ ਘਰੋਂ ਸਾਢੇ 15 ਕਰੋੜ ਤੋਂ ਵੱਧ ਰਕਮ ਬਰਾਮਦ ਕੀਤੀ ਗਈ ਸੀ ਪ੍ਰੰਤੂ ਪੁਲੀਸ ਨੇ ਇਸ ਰਾਸ਼ੀ ’ਚੋਂ 6.66 ਕਰੋੜ ਹੜੱਪ ਕਰਦਿਆਂ ਸਾਢੇ 9 ਕਰੋੜ ਰੁਪਏ ਦੀ ਬਰਾਮਦਗੀ ਦਿਖਾਈ ਗਈ। ਇਹੀ ਨਹੀਂ ਪੁਲੀਸ ਦੀ ਛਾਪਾਮਾਰ ਟੀਮ ਨੇ ਜਲੰਧਰ ਪੁਲੀਸ ਅਤੇ ਆਮਦਨ ਕਰ ਵਿਭਾਗ ਨੂੰ ਵੀ ਇਤਲਾਹ ਦੇਣ ਦੀ ਲੋੜ ਨਹੀਂ ਸਮਝੀ। ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਸ ਸਬੰਧੀ ਆਈਜੀ (ਕਰਾਈਮ) ਪਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਜਲੰਧਰ ਪੁਲੀਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਅਤੇ ਏਆਈਜੀ ਰਾਕੇਸ਼ ਕੌਸ਼ਲ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੀ 30 ਅਪਰੈਲ ਨੂੰ ਸਟੇਟ ਕਰਾਈਮ ਵਿੰਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਵੇਂ ਥਾਣੇਦਾਰ ਕੋਚੀ ਦੇ ਕਿਸੇ ਹੋਟਲ ਵਿੱਚ ਠਹਿਰੇ ਹੋਏ ਹਨ। ਉਨ੍ਹਾਂ ਨੇ ਤੁਰੰਤ ਕੇਰਲਾ ਪੁਲੀਸ ਨਾਲ ਤਾਲਮੇਲ ਕਰਕੇ ਜਾਣਕਾਰੀ ਸਾਂਝੀ ਕੀਤੀ ਤਾਂ ਕੇਰਲਾ ਪੁਲੀਸ ਨੇ ਦੋਵੇਂ ਥਾਣੇਦਾਰਾਂ ਨੂੰ ਮੌਕੇ ’ਤੇ ਪਹੁੰਚ ਕੇ ਕਾਬੂ ਕਰ ਲਿਆ ਅਤੇ ਅਗਲੇ ਦਿਨ 1 ਮਈ ਪੰਜਾਬ ਪੁਲੀਸ ਦੀ ਟੀਮ ਵੀ ਕੋਚੀ ਪਹੁੰਚ ਗਈ ਅਤੇ ਟਰਾਂਜ਼ਿਟ ਰਿਮਾਂਡ ’ਤੇ ਮੁਲਜ਼ਮ ਥਾਣੇਦਾਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਏਆਈਜੀ ਨੇ ਅਦਾਲਤ ਨੂੰ ਦੱਸਿਆ ਕਿ ਕੋਚੀ ਵਿੱਚ ਥਾਣੇਦਾਰਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਪਾਦਰੀ ਦੀ ਖੁਰਦ ਬੁਰਦ ਕੀਤੇ 6.66 ਕਰੋੜ ਰਾਸ਼ੀ ’ਚੋਂ ਕਾਫੀ ਪੈਸੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਦੇ ਘਰਾਂ ਵਿੱਚ ਛੁਪਾ ਕੇ ਰੱਖੇ ਹੋਏ ਹਨ। ਇਹ ਜਾਣਕਾਰੀ ਹੱਥ ਲਗਦੇ ਹੀ ਉਨ੍ਹਾਂ ਨੇ ਤੁਰੰਤ ਪਟਿਆਲਾ ਅਤੇ ਸੰਗਰੂਰ ਪੁਲੀਸ ਦੇ ਅਧਿਕਾਰੀਆਂ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਗਏ। ਇਸ ਤਰ੍ਹਾਂ ਪੁਲੀਸ ਨੇ 2 ਕਰੋੜ 39 ਲੱਖ 50 ਹਜ਼ਾਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਇਹ ਰਾਸ਼ੀ ਵੀ ਕੇਸ ਦੀ ਪ੍ਰਾਪਰਟੀ ਵਜੋਂ ਅਦਾਲਤ ਵਿੱਚ ਪੇਸ਼ ਕੀਤੀ ਗਈ। ਇਸ ਮਾਮਲੇ ਵਿੱਚ ਸੰਗਰੂਰ ਤੇ ਪਟਿਆਲਾ ਤੋਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਇਕ ਮੁਲਜ਼ਮ ਸੁਰਿੰਦਰਪਾਲ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਰਿਹਾਅ ਕਰਨਾ ਪਿਆ ਹੈ ਕਿਉਂਕਿ ਉਨ੍ਹਾਂ ਦੇ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ। ਇਕ ਮੁਲਜ਼ਮ ਨਿਰਮਲ ਸਿੰਘ ਫਰਾਰ ਹੈ। ਇਹ ਸਾਰੇ ਇਸ ਧੋਖਾਧੜੀ ਵਿੱਚ ਸ਼ਾਮਲ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਨਿਰਮਲ ਸਿੰਘ ਵਾਸੀ ਪਿੰਡ ਰਾਏਪੁਰ, ਜ਼ਿਲ੍ਹਾ ਮਾਨਸਾ ਦੇ ਘਰੋਂ 1 ਕਰੋੜ ਰੁਪਏ, ਸੁਰਿੰਦਰਪਾਲ ਵਾਸੀ ਪਾੜਤੜਾ ਦੇ ਘਰੋਂ 40 ਲੱਖ ਰੁਪਏ, ਮੁਹੰਮਦ ਸ਼ਕੀਲ ਵਾਸੀ ਪਟਿਆਲਾ ਦੇ ਘਰੋਂ 20 ਲੱਖ ਰੁਪਏ, ਹੌਲਦਾਰ ਅਮਰੀਕ ਸਿੰਘ ਦੇ ਘਰੋਂ 30 ਲੱਖ ਰੁਪਏ, ਦਵਿੰਦਰ ਕੁਮਾਰ ਵਾਸੀ ਮੂਣਕ ਦੇ ਘਰ ਤੋਂ 30 ਲੱਖ ਅਤੇ ਸੰਜੀਵ ਕੁਮਾਰ ਵਾਸੀ ਰਾਮਪੁਰ ਗੁੱਜਰਾਂ, ਸੰਗਰੂਰ ਦੇ ਘਰੋਂ 18 ਲੱਖ ਬਰਾਮਦ ਕੀਤੇ ਗਏ ਹਨ। ਇਹ ਸਾਰੀ ਰਾਸ਼ੀ ਉਕਤ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਦੀ ਮੌਜੂਦਗੀ ਵਿੱਚ ਬਰਾਮਦ ਕੀਤੀ ਗਈ ਹੈ। ਉਧਰ, ਬਚਾਅ ਪੱਖ ਦੇ ਵਕੀਲਾਂ ਨੇ ਪੁਲੀਸ ਰਿਮਾਂਡ ਦਾ ਵਿਰੋਧ ਕਰਦਿਆਂ ਸਟੇਟ ਕਰਾਈਮ ਦੀ ਕਾਰਵਾਈ ’ਤੇ ਕਈ ਸਵਾਲ ਚੁੱਕੇ ਗਏ। ਉਨ੍ਹਾਂ ਕਿਹਾ ਕਿ ਪੁਲੀਸ ਸਿਰਫ਼ ਇਕਪਾਸੜ ਕਹਾਣੀ ਦੱਸ ਰਹੀ ਹੈ। ਵਕੀਲਾਂ ਨੇ ਕਿਹਾ ਕਿ ਦੋਵੇਂ ਥਾਣੇਦਾਰ ਪਟਿਆਲਾ ਵਿੱਚ ਤਾਇਨਾਤ ਹਨ, ਭਲਾ ਉਹ ਕਿਵੇਂ ਜਲੰਧਰ ਵਿੱਚ ਜਾ ਕੇ ਪਾਦਰੀ ਦੇ ਘਰ ਛਾਪੇਮਾਰੀ ਕਰ ਸਕਦੇ ਹਨ। ਹੁਣ ਤੱਕ ਪੁਲੀਸ ਥਾਣੇਦਾਰਾਂ ਕੋਲੋਂ ਕੋਈ ਬਰਾਮਦਗੀ ਨਹੀਂ ਕਰ ਸਕਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ