
ਮੇਅਰ ਜੀਤੀ ਸਿੱਧੂ ਨੇ ਸੈਕਟਰ-70 ਵਿੱਚ ਪੇਵਰ ਬਲਾਕ ਤੇ ਸੜਕਾਂ ’ਤੇ ਪੈਚ ਵਰਕ ਦੇ ਕੰਮ ਕਰਵਾਏ ਸ਼ੁਰੂ
ਮੁਹਾਲੀ ਦੀਆਂ ਸਾਰੀਆਂ ਸੜਕਾਂ ਦੀ 2 ਮਹੀਨੇ ਵਿੱਚ ਕੀਤੀ ਜਾਵੇਗੀ ਮੁਰੰਮਤ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਵਾਅਦੇ ਮੁਤਾਬਕ ਬਰਸਾਤਾਂ ਖ਼ਤਮ ਹੁੰਦੇ ਸਾਰ ਸ਼ਹਿਰ ਵਿੱਚ ਵਿਕਾਸ ਕੰਮਾਂ ਸ਼ੁਰੂਆਤ ਕਰ ਦਿੱਤੀ ਹੈ। ਅੱਜ ਉਨ੍ਹਾਂ ਇੱਥੋਂ ਦੇ ਸੈਕਟਰ-70 ਵਿੱਚ ਪੇਵਰ ਬਲਾਕ ਲਗਾਉਣ ਸਮੇਤ ਸੜਕਾਂ ਦੇ ਪੈਚ ਵਰਕ ਦਾ ਕੰਮ ਸ਼ੁਰੂ ਕਰਵਾਇਆ ਅਤੇ ਲੱਡੂ ਵੰਡੇ। ਉਨ੍ਹਾਂ ਐਲਾਨ ਕੀਤਾ ਕਿ ਦੋ ਮਹੀਨਿਆਂ ਦੇ ਅੰਦਰ-ਅੰਦਰ ਸ਼ਹਿਰ ਦੀਆਂ ਸਾਰੀਆਂ ਮੁੱਖ ਅਤੇ ਅੰਦਰਲੀ ਸੜਕਾਂ ਵਿੱਚ ਪਏ ਖੱਡਿਆਂ ਨੂੰ ਭਰਨ ਲਈ ਪੈਚ ਵਰਕ ਦੇ ਕੰਮ ਮੁਕੰਮਲ ਕੀਤੇ ਜਾਣਗੇ। ਇਸ ਉਪਰੰਤ ਸਾਰੀਆਂ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਜਾਵੇਗਾ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਬਰਸਾਤਾਂ ਕਾਰਨ ਪੈਚ ਵਰਕ ਦਾ ਕੰਮ ਰੁਕਿਆ ਹੋਇਆ ਸੀ ਅਤੇ ਹੁਣ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਦੇ ਵਿਕਾਸ ਲਈ ਵਚਨਬੱਧ ਹਨ। ਨਵੇਂ ਸੈਕਟਰਾਂ ਸਮੇਤ ਸਨਅਤੀ ਏਰੀਆ ਦੇ ਵਿਕਾਸ ‘ਤੇ ਕਰੋੜਾ ਰੁਪਏ ਦੇ ਕੰਮ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਾਰੇ ਵਿਕਾਸ ਕੰਮ ਬਿਨਾਂ ਕਿਸੇ ਪੱਖਪਾਤ ਤੋਂ ਅਤੇ ਲੋਕਾਂ ਦੀ ਰਾਏ ਅਤੇ ਲੋੜ ਅਨੁਸਾਰ ਕਰਵਾਏ ਜਾਣਗੇ। ਉਨ੍ਹਾਂ ਵਿਰੋਧੀ ਧਿਰ ਵੱਲੋਂ ਵਿਕਾਸ ਕੰਮਾਂ ਵਿੱਚ ਪੱਖਪਾਤ ਕਰਨ ਦੇ ਦੋਸ਼ਾਂ ਨੂੰ ਨਕਾਰੇ ਹੋਏ ਕਿਹਾ ਕਿ ਅੱਜ ਵਿਕਾਸ ਦੇ ਕੰਮ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ ਵਿੱਚ ਹੀ ਸ਼ੁਰੂ ਕਰਵਾਏ ਗਏ ਹਨ। ਇਸ ਮੌਕੇ ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸੀਨੀਅਰ ਆਗੂ ਰਾਜਾ ਕੰਵਰਜੋਤ ਸਿੰਘ, ਸੁਰਿੰਦਰ ਸਿੰਘ ਰਾਜਪੂਤ, ਐਕਸੀਅਨ ਰਾਜਬੀਰ ਸਿੰਘ ਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।