
ਪਾਠੀ ਦੀ ਕੁੱਟਮਾਰ: ਐਸਐਸਪੀ ਨੇ ਡੀਐਸਪੀ ਨੂੰ ਸੌਂਪੀ ਮਾਮਲੇ ਦੀ ਜਾਂਚ
ਗੁਰਦੁਆਰਾ ਸਿੰਘ ਸ਼ਹੀਦਾਂ ਦੇ ਪਾਠੀ ਨੇ ਪੰਜਾਬੀ ਗਾਇਕ ’ਤੇ ਲਾਇਆ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਕਰਨ ਦਾ ਦੋਸ਼
ਤਫ਼ਤੀਸ਼ੀ ਅਫ਼ਸਰ ਏਐਸਆਈ ਬੇਅੰਤ ਸਿੰਘ ਨੇ ਸਮਝੌਤੇ ਲਈ ਦਬਾਅ ਪਾਉਣ ਦੇ ਦੋਸ਼ ਨਕਾਰੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਇੱਥੋਂ ਦੇ ਫੇਜ਼-1 ਦੇ ਵਸਨੀਕ ਅਤੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਪਾਠੀ ਸਿੰਘ ਧਰਮ ਸਿੰਘ ਨੇ ਇਕ ਨਾਮੀ ਪੰਜਾਬੀ ਗਾਇਕ ’ਤੇ ਰਸਤੇ ਵਿੱਚ ਘੇਰ ਕੇ ਉਸ ਦੀ ਕੁੱਟਮਾਰ ਅਤੇ ਦਸਤਾਰ ਅਤੇ ਕਕਾਰਾਂ ਦੀ ਕਥਿਤ ਬੇਅਦਬੀ ਕਰਨ ਦਾ ਦੋਸ਼ ਲਾਇਆ ਹੈ। ਪੀੜਤ ਪਾਠੀ ਇਨਸਾਫ਼ ਪ੍ਰਾਪਤੀ ਲਈ ਪਿਛਲੇ ਤਿੰਨ ਮਹੀਨੇ ਤੋਂ ਸੈਂਟਰਲ ਥਾਣਾ ਫੇਜ਼-8 ਵਿੱਚ ਖੱਜਲ-ਖੁਆਰ ਹੋ ਰਿਹਾ ਹੈ।
ਅੱਜ ਪਾਠੀ ਧਰਮ ਸਿੰਘ ਨੇ ਆਪਣੇ ਵਕੀਲ ਦਿਲਸ਼ੇਰ ਸਿੰਘ ਨਾਲ ਐਸਐਸਪੀ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤ ਦੇ ਕੇ ਗਾਇਕ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪਾਠੀ ਅਤੇ ਵਕੀਲ ਨੇ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬੇਅੰਤ ਸਿੰਘ ਉੱਤੇ ਗਾਇਕ ਨਾਲ ਰਾਜ਼ੀਨਾਮਾ ਕਰਨ ਦਾ ਦੋਸ਼ ਲਾਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਪਾਠੀ ਦੀ ਫਰਿਆਦ ਸੁਣਨ ਤੋਂ ਬਾਅਦ ਡੀਐਸਪੀ (ਸਿਟੀ-2) ਦੀਪ ਕੰਵਲ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਐਸਐਸਪੀ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਪਾਠੀ ਧਰਮ ਸਿੰਘ ਨੇ ਬੀਤੀ 27 ਅਪਰੈਲ ਦੀ ਰਾਤ ਨੂੰ ਦੋ ਵਜੇ ਉਹ ਪੈਦਲ ਹੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਪਾਠ ਦੀ ਡਿਊਟੀ (ਰੋਲ) ਦੇਣ ਜਾ ਰਿਹਾ ਸੀ। ਰਸਤੇ ਵਿੱਚ ਕੁੰਭੜਾ ਚੌਕ ਨੇੜੇ ਉੱਥੋਂ ਲੰਘ ਰਹੇ ਇਕ ਪੰਜਾਬੀ ਗਾਇਕ ਨੇ ਉਸ ਨੂੰ ਰੋਕ ਕੇ ਉਸ ਦੀ ਕੁੱਟਮਾਰ ਕੀਤੀ। ਪਾਠੀ ਅਨੁਸਾਰ ਉਸ ਨੇ ਗਾਇਕ ਦੇ ਤਰਲੇ ਵੀ ਕੱਢੇ ਕਿ ਉਹ ਗੁਰਦੁਆਰਾ ਸਾਹਿਬ ਪਾਠ ਕਰਨ ਜਾ ਰਹੇ ਹਨ ਪ੍ਰੰਤੂ ਉਸ ਨੇ ਇਕ ਨਹੀਂ ਸੁਣੀ। ਕੁੱਟਮਾਰ ਦੌਰਾਨ ਉਸ ਦੀ ਦਸਤਾਰ ਲੱਥ ਗਈ ਅਤੇ ਉਹ ਸੜਕ ’ਤੇ ਡਿੱਗ ਪਿਆ। ਫਿਰ ਵੀ ਗਾਇਕ ਲੱਤਾਂ ਨਾਲ ਕੁੱਟਣ ਤੋਂ ਨਹੀਂ ਹਟਿਆ ਅਤੇ ਉਸ ਦਾ ਚੋਲਾ ਵੀ ਫਾੜ ਦਿੱਤਾ ਅਤੇ ਕਕਾਰਾਂ ਦੀ ਬੇਅਦਬੀ ਕੀਤੀ।
ਵਕੀਲ ਦਿਲਸ਼ੇਰ ਸਿੰਘ ਨੇ ਦੱਸਿਆ ਕਿ ਪਾਠੀ ਨੇ ਆਪਣੀ ਜਾਨ ਬਚਾਉਣ ਲਈ ਜਦੋਂ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕੀਤਾ ਤਾਂ ਉੱਥੇ ਨੇੜੇ ਰਹਿੰਦੇ ਪੰਜਾਬ ਪੁਲੀਸ ਦੇ ਇਕ ਉੱਚ ਅਧਿਕਾਰੀ ਦੇ ਸੁਰੱਖਿਆ ਗਾਰਡ ਉੱਥੇ ਪਹੁੰਚ ਗਏ। ਜਿਨ੍ਹਾਂ ਨੂੰ ਦੇਖ ਕੇ ਗਾਇਕ ਗੱਡੀ ਭਜਾ ਕੇ ਫਰਾਰ ਹੋ ਗਿਆ। ਬਾਅਦ ਵਿੱਚ ਗੰਨਮੈਨਾਂ ਨੇ ਗੱਡੀ ਦਾ ਨੰਬਰ ਨੋਟ ਕਰਕੇ ਦਿੱਤਾ। ਪੜਤਾਲ ਕਰਨ ’ਤੇ ਉਹ ਪਟਿਆਲਾ ਦੇ ਵਸਨੀਕ ਦੀ ਕਾਰ ਦਾ ਨਿਕਲਿਆ, ਜਿਸ ਨੇ ਆਪਣੀ ਕਾਰ ਟੈਕਸੀ ਪਾਈ ਹੋਈ ਹੈ।
ਉਧਰ, ਤਫ਼ਤੀਸ਼ੀ ਅਫ਼ਸਰ ਏਐਸਆਈ ਬੇਅੰਤ ਸਿੰਘ ਨੇ ਗਾਇਕ ਨਾਲ ਸਮਝੌਤੇ ਲਈ ਦਬਾਅ ਪਾਉਣ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਰੋਨਾ ਮਹਾਮਾਰੀ ਕਾਰਨ ਪਹਿਲਾਂ ਕਰਫਿਊ\ਲੌਕਡਾਊਨ ਲੱਗਿਆ ਰਿਹਾ ਹੈ। ਜਿਸ ਕਾਰਨ ਜਾਂਚ ਪ੍ਰਭਾਵਿਤ ਹੋਈ ਹੈ ਅਤੇ ਲੌਕਡਾਊਨ ਕਰਕੇ ਗਵਾਹ ਟੈਕਸੀ ਚਾਲਕ ਵੀ ਆਪਣੇ ਪਿੰਡ ਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗਾਇਕ ਨੂੰ ਸੰਮਨ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ ਹੈ। ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।