nabaz-e-punjab.com

ਆਈਵੀ ਵਾਈ ਹਸਪਤਾਲ ਵਿੱਚ ਦਾਖ਼ਲ ਮਰੀਜ ਨੇ ਤੀਜੀ ਮੰਜ਼ਲ ਦੀ ਖਿੜਕੀ ’ਚੋਂ ਛਾਲ ਮਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਸਥਾਨਕ ਸੈਕਟਰ-71 ਵਿੱਚ ਸਥਿਤ ਆਈਵੀ ਵਾਈ ਹਸਪਤਾਲ ਵਿੱਚ ਦਾਖ਼ਲ ਇੱਕ ਮਰੀਜ ਨੇ ਅੱਜ ਤੀਜੀ ਮੰਜ਼ਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਲਿਆ ਗਿਆ। ਪ੍ਰਦੀਪ ਕੁਮਾਰ ਨਾਂਅ ਦੇ ਇਸ ਮਰੀਜ਼ ਨੂੰ ਬਾਅਦ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਡਾਕਟਰਾਂ ਅਨੁਸਾਰ ਮਰੀਜ਼ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਂਜ ਉਸ ਦੀਆਂ ਲੱਤਾਂ ਅਤੇ ਇੱਕ ਬਾਜੂ ਟੁੱਟ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਛੱਜੂ ਮਾਜਰਾ ਦੇ ਵਸਨੀਕ 32 ਸਾਲਾ ਪ੍ਰਦੀਪ ਕੁਮਾਰ ਨਾਮ ਦੇ ਇੱਕ ਮਰੀਜ ਨੂੰ ਤਿੰਨ ਚਾਰ ਦਿਨ ਪਹਿਲਾਂ ਮਿਰਗੀ ਦੇ ਦੌਰਿਆਂ ਦੀ ਸ਼ਿਕਾਇਤ ਤੋੱ ਬਾਅਦ ਹਸਪਤਾਲ ਦੇ ਨਿਊਰੋਲਾਜਿਸਟ ਡਾ. ਸੁਸ਼ੀਲ ਕੁਮਾਰ ਰਾਹੀ ਵੱਲੋਂ ਇੱਥੇ ਦਾਖ਼ਲ ਕੀਤਾ ਗਿਆ ਸੀ। ਇਸ ਮਰੀਜ਼ ਨੂੰ ਤੀਜੀ ਮੰਜ਼ਲ ਵਿੱਚ ਸਥਿਤ ਇੱਕ ਕਮਰੇ ਵਿੱਚ ਦਾਖ਼ਲ ਕੀਤਾ ਗਿਆ ਸੀ ਜਿੱਥੋਂ ਇਸ ਨੇ ਅੱਜ ਸਵੇਰੇ ਕਮਰੇ ਦੇ ਨਾਲ ਬਣੇ ਬਾਥਰੂਮ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ।
ਮਰੀਜ ਦਾ ਇਲਾਜ ਕਰਨ ਵਾਲੇ ਡਾਕਟਰ ਸ੍ਰੀ ਸੁਸ਼ੀਲ ਕੁਮਾਰ ਰਾਹੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦੀਪ ਕੁਮਾਰ ਨਾਮ ਦਾ ਇਹ ਮਰੀਜ 3-4 ਦਿਨਾਂ ਪਹਿਲਾਂ ਉਹਨਾਂ ਕੋਲ ਆਇਆ ਸੀ। ਉਸਨੂੰ ਮਿਰਗੀ ਦੇ ਦੌਰੇ ਪੈਣ ਦੀ ਸ਼ਿਕਾਇਤ ਸੀ ਅਤੇ ਉਸ ਦਾ ਪਹਿਲਾਂ ਵੀ ਇਲਾਜ ਚਲਦਾ ਸੀ ਪ੍ਰੰਤੂ ਉਹ ਵਿੱਚ ਹੀ ਇਲਾਜ ਛੱਡ ਦਿੰਦਾ ਸੀ ਇਸ ਲਈ ਇਸ ਨੂੰ ਦਾਖ਼ਲ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਲਾਜ ਦੌਰਾਨ ਉਹ ਠੀਕ ਸੀ ਅਤੇ ਗੱਲਬਾਤ ਵੀ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਮਰੀਜ ਸਵੇਰੇ ਬਾਥਰੂਮ ਵਿੱਚ ਗਿਆ ਸੀ ਅਤੇ ਉੱਥੇ ਉਸਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਕਿ ਉਸਨੇ ਬਾਥਰੂਮ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ। ਉਹਨਾਂ ਦੱਸਿਆ ਕਿ ਪ੍ਰਦੀਪ ਕੁਮਾਰ ਨੂੰ ਹੁਣ ਆਈਸੀਯੂ ਵਿੱਚ ਭਰਤੀ ਕੀਤਾ ਗਿਆ ਹੈ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ।
ਉਧਰ, ਮਟੌਰ ਥਾਣਾ ਦੇ ਐਸਐਚਓ ਜਰਨੈਲ ਸਿੰਘ ਨੇ ਦੱਸਿਆ ਕਿ ਮਰੀਜ਼ ਵੱਲੋਂ ਤੀਜੀ ਮੰਜ਼ਲ ਤੋਂ ਛਾਲ ਮਾਰਨ ਦੀ ਸੂਚਨਾ ਮਿਲਦੇ ਹੀ ਜਾਂਚ ਅਧਿਕਾਰੀ ਏਐਸਆਈ ਲਖਵਿੰਦਰ ਸਿੰਘ ਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਸੀ ਅਤੇ ਪੁਲੀਸ ਟੀਮ ਨੇ ਘਟਨਾ ਦਾ ਜਾਇਜ਼ਾ ਲਿਆ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮਰੀਜ਼ ਆਪਣੇ ਬੈੱਡ ਤੋਂ ਬਾਥਰੂਮ ਵਿੱਚ ਆਇਆ ਸੀ। ਇਸ ਦੌਰਾਨ ਉਸ ਨੇ ਬਾਥਰੂਮ ਦੀ ਖਿੜਕੀ ਦਾ ਸ਼ੀਸ਼ ਪੁੱਟ ਕੇ ਅਚਾਨਕ ਹੇਠਾਂ ਛਾਲ ਮਾਰ ਦਿੱਤੀ। ਪੁਲੀਸ ਅਨੁਸਾਰ ਮਰੀਜ਼ ਦਾ ਕਹਿਣਾ ਹੈ ਕਿ ਉਹ ਆਪਣਾ ਇਲਾਜ ਕਰਵਾਉਣਾ ਨਹੀਂ ਚਾਹੁੰਦਾ ਹੈ। ਬਿਮਾਰੀ ਕਾਰਨ ਮਰੀਜ਼ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਜਾਪਦਾ ਹੈ। ਫਿਲਹਾਲ ਪੁਲੀਸ ਨੇ ਮਰੀਜ਼ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਡੀਡੀਆਰ ਦਰਜ ਕਰਕੇ ਕੇਸ ਦਫ਼ਤਰ ਦਾਖ਼ਲ ਕਰ ਦਿੱਤਾ ਹੈ। ਕਿਉਂਕਿ ਇਸ ਕੇਸ ਵਿੱਚ ਕੋਈ ਸ਼ਿਕਾਇਤ ਕਰਤਾ ਨਹੀਂ ਹੈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …