Nabaz-e-punjab.com

ਸੂਬਾ ਪੱਧਰੀ ਆਰੋਗਿਆ ਮੇਲੇ ਦੇ ਦੂਜੇ ਦਿਨ 1951 ਮਰੀਜ਼ਾਂ ਦੀ ਜਾਂਚ, ਮੁਫ਼ਤ ਦਵਾਈਆਂ ਦਿੱਤੀਆਂ

ਜੜੀਆਂ ਬੂਟੀਆਂ ਰਾਹੀਂ ਕਈ ਅਜਿਹੇ ਰੋਗਾਂ ਦਾ ਇਲਾਜ ਸੰਭਵ, ਜੋ ਐਲੋਪੈਥੀ ’ਚ ਨਹੀਂ: ਡੀਕੇ ਤਿਵਾੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਕਤੂਬਰ:
ਲੋਕਾਂ ਨੂੰ ਸਿਹਤਮੰਦ ਜੀਵਨ ਜਾਚ ਸਿਖਾਉਣ ਲਈ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇੱਥੋਂ ਦੇ ਫੇਜ਼-8 ਸਥਿਤ ਪੁੱਡਾ ਗਰਾਊਂਡ ਵਿੱਚ ਲਗਾਏ ਜਾ ਰਹੇ ਤਿੰਨ ਰੋਜ਼ਾ ਸੂਬਾ ਪੱਧਰੀ ਆਰੋਗਿਆ ਮੇਲੇ ਦੇ ਦੂਜੇ ਦਿਨ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਮੁੱਖ ਮਹਿਮਾਨ ਸਨ ਜਦੋਂਕਿ ਪ੍ਰਧਾਨਗੀ ਮੁਹਾਲੀ ਦੀ ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਅਤੇ ਸੀਸੀਆਰਐਚ ਦੇ ਡਾਇਰੈਕਟਰ ਡਾ. ਲਖੇਰਾ ਨੇ ਕੀਤੀ। ਆਯੁਰਵੈਦਾ ਪੰਜਾਬ ਦੇ ਡਾਇਰੈਕਟਰ ਡਾ. ਰਾਕੇਸ਼ ਸ਼ਰਮਾ ਅਤੇ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਰਜਿਸਟਰਾਰ ਡਾ. ਸੰਜੀਵ ਗੋਇਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਉੱਘੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।
ਇਸ ਮੌਕੇ ਬੋਲਦਿਆਂ ਡੀਕੇ ਤਿਵਾੜੀ ਨੇ ਕਿਹਾ ਕਿ ਮੈਡੀਕਲ ਸਿੱਖਿਆ ਦੇ ਵਿਦਿਆਰਥੀ ਹੀ ਇਲਾਜ ਪ੍ਰਣਾਲੀ ਦੀ ਨੀਂਹ ਹਨ। ਉਨ੍ਹਾਂ ਡਾਕਟਰਾਂ ਨੂੰ ਆਪਣੀਆਂ ਇਲਾਜ ਤਕਨੀਕਾਂ ਪ੍ਰਕਾਸ਼ਿਤ ਕਰਨ ਅਤੇ ਪੇਟੈਂਟ ਕਰਵਾਉਣ ਲਈ ਪ੍ਰੇਰਦਿਆਂ ਕਿਹਾ ਕਿ ਯੂਨੀਵਰਸਿਟੀ ਪੱਧਰ ’ਤੇ ਵੀ ਅਜਿਹੇ ਮੇਲੇ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਆਯੁਰਵੈਦ, ਹੋਮਿਉਪੈਥੀ ਤੇ ਯੂਨਾਨੀ ਇਲਾਜ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਜੜੀਆਂ ਬੂਟੀਆਂ ਰਾਹੀਂ ਕਈ ਅਜਿਹੇ ਰੋਗਾਂ ਦਾ ਇਲਾਜ ਸੰਭਵ ਹੈ, ਜੋ ਐਲੋਪੈਥੀ ਵਿੱਚ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤਯਾਬ ਕਰਨ ਵਿੱਚ ਇਨ੍ਹਾਂ ਇਲਾਜ ਪ੍ਰਣਾਲੀਆਂ ਤੇ ਆਯੂਸ਼ ਵਿਭਾਗ ਦੀ ਅਹਿਮ ਭੂਮਿਕਾ ਹੈ।
ਇਸ ਤੋਂ ਪਹਿਲਾਂ ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਆਯੂਸ਼ ਪੈਥੀ ਹਜ਼ਾਰਾਂ ਸਾਲਾਂ ਤੋਂ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਆਯੂਸ਼ ਪੱਧਤੀ ਨਾਲ ਬਿਮਾਰੀਆਂ ਦਾ ਸਥਾਈ ਇਲਾਜ ਸੰਭਵ ਹੈ। ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਡਾਇਰੈਕਟਰ ਆਯੁਰਵੈਦਾਂ ਪੰਜਾਬ ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਹ ਪੰਜਾਬ ਵਿੱਚ ਲੜੀਵਾਰ 14ਵਾਂ ਆਰੋਗਿਆ ਮੇਲਾ ਕਰਵਾਇਆ ਗਿਆ ਹੈ, ਜਦੋਂਕਿ ਦੂਜੇ ਰਾਜ ਇਸ ਮਾਮਲੇ ਵਿੱਚ ਕਾਫ਼ੀ ਪਿੱਛੇ ਹਨ। ਇਸ ਮੇਲੇ ਵਿੱਚ ਮਾਹਿਰ ਆਯੂਰਵੈਦਿਕ/ਹੋਮਿਓਪੈਥਿਕ ਅਤੇ ਯੂਨਾਨੀ ਡਾਕਟਰਾਂ ਵੱਲੋਂ 1236 ਮਰੀਜ਼ਾਂ ਦਾ ਆਯੂਰਵੈਦਿਕ, 289 ਦਾ ਯੂਨਾਨੀ ਅਤੇ 426 ਦਾ ਹੋਮਿਉਪੈਥੀ ਪੱਧਤੀ ਰਾਹੀਂ ਇਲਾਜ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਭਾਰਤ ਸਰਕਾਰ ਵੱਲੋਂ ਆਈਆਂ ਵੱਖ ਵੱਖ ਕੌਂਸਲਾਂ ਵੱਲੋਂ ਦਵਾਈਆਂ ਦੀ ਜਾਣਕਾਰੀ ਅਤੇ ਆਯੁਰਵੈਦਾਂ ਦੇ ਪ੍ਰਸਾਰ ਲਈ ਸਟਾਲਾਂ ਵਿੱਚ ਮੁਫ਼ਤ ਸਾਹਿਤ ਵੰਡਿਆ ਗਿਆ। ਮੇਲੇ ਵਿੱਚ ਭਾਰਤ ਸਰਕਾਰ ਦੀਆਂ ਵੱਖ ਵੱਖ ਕੌਂਸਲਾਂ ਤੋਂ ਆਏ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…