Nabaz-e-punjab.com

ਮੁਹਾਲੀ ਵਿੱਚ ਕਰੋਨਾ ਪੀੜਤ ਤਿੰਨ ਹੋਰ ਨਵੇਂ ਮਰੀਜ਼ ਮਿਲੇ, ਲੋਕਾਂ ’ਚ ਦਹਿਸ਼ਤ

ਮੁਹਾਲੀ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 10 ਹੋਈ, 1 ਮਰੀਜ਼ ਦੀ ਹੋ ਚੁੱਕੀ ਹੈ ਮੌਤ

ਮ੍ਰਿਤਕ ਓਮ ਪ੍ਰਕਾਸ਼ ਦੇ ਸੰਪਰਕ ’ਚ ਆਉਣ ਵਾਲੇ ਦਰਜਨ ਤੋਂ ਵੱਧ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ

ਸਿਹਤ ਵਿਭਾਗ ਦੀਆਂ ਤਿੰਨ ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇਖਣ, 50 ਸ਼ੱਕੀ ਲੋਕਾਂ ਦੇ ਸੈਂਪਲ ਲਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਮੁਹਾਲੀ ਵਿੱਚ ਅੱਜ ਕਰੋਨਾਵਾਇਰਸ ਤੋਂ ਪੀੜਤ ਤਿੰਨ ਹੋਰ ਨਵੇਂ ਮਰੀਜ਼ ਮਿਲਣ ਕਾਰਨ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਹੈ। ਪੀੜਤ ਮਰੀਜ਼ਾਂ ਵਿੱਚ ਇੱਥੋਂ ਦੇ ਫੇਜ਼-9 ਦੀ ਵਸਨੀਕ ਜਗਦੀਸ਼ ਕੌਰ (76), ਉਸ ਦੀ ਦੋਹਤੀ ਏਕਮਵੀਰ ਕੌਰ (11) ਅਤੇ ਪਿੰਡ ਜਗਤਪੁਰ ਦਾ ਕਪਿਲ ਸ਼ਰਮਾ (55) ਸ਼ਾਮਲ ਹਨ। ਉਂਜ ਇਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਨਵਾਂ ਗਉਂ ਦੇ ਮ੍ਰਿਤਕ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਅਤੇ ਸੰਪਰਕ ਵਿੱਚ ਆਉਣ ਵਾਲੇ ਕਰੀਬ ਦਰਜਨ ਤੋਂ ਵੱਧ ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਤੱਕ ਕਰੋਨਾਵਾਇਰਸ ਤੋਂ ਪੀੜਤ 10 ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਇਕ ਪੀੜਤ ਮਰੀਜ਼ ਓਮ ਪ੍ਰਕਾਸ਼ (65) ਵਾਸੀ ਦਸਮੇਸ਼ ਨਗਰ, ਨਵਾਂ ਗਉਂ ਦੀ ਬੀਤੇ ਦਿਨੀਂ ਮੌਤ ਹੋ ਚੁੱਕੀ ਹੈ।
ਸੂਚਨਾ ਮਿਲਦੇ ਹੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਏਡੀਸੀ ਸ੍ਰੀਮਤੀ ਆਸ਼ਿਕਾ ਜੈਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਅਤੇ ਡਾ. ਭੂਸ਼ਨ ਕੁਮਾਰ ਤੁਰੰਤ ਮੌਕੇ ’ਤੇ ਪਹੁੰਚ ਗਏ। ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਫੇਜ਼-9 ਦੇ ਐਚਐਲ ਰਿਹਾਇਸ਼ੀ ਬਲਾਕ ਅਤੇ ਜਗਤਪੁਰਾ ਨੂੰ ਸੀਲ ਕਰ ਦਿੱਤਾ ਹੈ। ਕਿਉਂਕਿ ਜਗਤਪੁਰਾ ਪਿੰਡ ਸਮੇਤ ਦੋ ਕਲੋਨੀਆਂ ਦੀ ਆਬਾਦੀ 10 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਜਿਸ ਕਾਰਨ ਇੱਥੇ ਖ਼ਤਰਾ ਵੱਧ ਦੱਸਿਆ ਜਾ ਰਿਹਾ ਹੈ। ਇੱਥੇ ਜ਼ਿਆਦਾ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। ਜਿਸ ਕਾਰਨ ਪ੍ਰਸ਼ਾਸਨ ਦੀ ਨੀਂਦ ਉੱਡ ਗਈ ਹੈ।
ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਜਗਤਪੁਰਾ ਦਾ ਕਪਿਲ ਸ਼ਰਮਾ, ਦੁਬਈ ਤੋਂ ਆਏ ਕਰੋਨਾ ਪੀੜਤ ਚੰਡੀਗੜ੍ਹ ਦੇ ਇਕ ਮੋਟਰ ਮਕੈਨਿਕ ਦੇ ਸੰਪਰਕ ਵਿੱਚ ਆਇਆ ਸੀ। ਜਦੋਂਕਿ ਏਕਮਵੀਰ ਕੌਰ ਕੁਝ ਦਿਨ ਪਹਿਲਾਂ ਆਪਣੇ ਮਾਤਾ ਪਿਤਾ ਨਾਲ ਵਿਦੇਸ਼ ’ਚੋਂ ਆ ਗਈ ਅਤੇ ਮੁੱਢਲੀ ਜਾਂਚ ਵਿੱਚ ਏਕਮਵੀਰ ਦੇ ਮਾਤਾ-ਪਿਤਾ ਕਰੋਨਾ ਤੋਂ ਪੀੜਤ ਪਾਏ ਗਏ ਸੀ। ਇਸ ਮਗਰੋਂ ਏਕਮਵੀਰ ਮੁਹਾਲੀ ਵਿੱਚ ਰਹਿੰਦੀ ਆਪਣੀ ਨਾਨੀ ਜਗਦੀਸ਼ ਕੌਰ ਕੋਲ ਆ ਕੇ ਰਹਿਣ ਲੱਗ ਪਈ। ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਦੀ ਸੂਚੀ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਬੀਤੇ ਦਿਨੀਂ ਉਕਤ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸੀ। ਇਨ੍ਹਾਂ ਤਿੰਨਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਮੁਹਾਲੀ ਵਾਸੀ ਭੈਅ-ਭੀਤ ਹੋ ਉੱਠੇ ਹਨ। ਇਹ ਤਿੰਨੇ ਮਰੀਜ਼ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਸਥਿਤ ਕੀਤੇ ਸਪੈਸ਼ਲ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤੇ ਗਏ ਹਨ।
(ਬਾਕਸ ਆਈਟਮ)
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਵਿੱਚ ਮਿਲੇ ਤਿੰਨ ਨਵੇਂ ਮਰੀਜ਼ਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਹਾਊਸ ਆਈਸੋਲੇਸ਼ਨ ਤਹਿਤ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਪੀੜਤ ਮਰੀਜ਼ਾਂ ਅਤੇ ਮੁਹਾਲੀ ਦੇ ਇਨ੍ਹਾਂ ਪੀੜਤ ਵਿਅਕਤੀਆਂ ਦੇ ਹੁਣ ਤੱਕ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋਟੋਕਾਲ ਅਨੁਸਾਰ ਕੰਟੇਨਮੈਂਟ ਜ਼ੋਨ ਬਣਾਏ ਜਾਣਗੇ। ਪੂਰੇ ਜਗਤਪੁਰਾ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਸਿਹਤ ਵਿਭਾਗ ਦੀਆਂ 3 ਟੀਮਾਂ ਵੱਲੋਂ ਘਰ-ਘਰ ਸਰਵੇਖਣ ਕਰਕੇ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
(ਬਾਕਸ ਆਈਟਮ)
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਕਰੋਨਾਵਾਇਰਸ ਤੋਂ ਪੀੜਤ ਮੁਹਾਲੀ ਦੇ ਛੇ ਮਰੀਜ਼ਾਂ ਇੱਥੋਂ ਦੇ ਫੇਜ਼-3ਏ ਦੀ ਵਸਨੀਕ ਗੁਰਦੇਵ ਕੌਰ (69), ਉਸ ਵੱਡੀ ਭੈਣ ਰੇਸ਼ਮ ਕੌਰ (74), ਸੈਕਟਰ-69 ਦਾ ਅਮਨਦੀਪ ਸਿੰਘ (40), ਉਸ ਦੀ ਪਤਨੀ ਆਰਤੀ ਸ਼ਰਮਾ (36), ਫੇਜ਼-5 ਦੀ ਰੰਜਨਾ ਦੇਵੀ ਅਤੇ ਉਸ ਦੀ ਪੀਜੀ ਮਾਲਕਣ ਕੁਲਵੰਤ ਕੌਰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਡਾਕਟਰਾਂ ਅਨੁਸਾਰ ਇਨ੍ਹਾਂ ਸਾਰਿਆਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ।
(ਬਾਕਸ ਆਈਟਮ)
ਪਿੰਡ ਜਗਤਪੁਰਾ ਅਤੇ ਦੋਵੇਂ ਕਲੋਨੀਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਐਂਟਰੀ ਪੁਆਇੰਟਾਂ ’ਤੇ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੀੜਤ ਮਰੀਜ਼ ਮਿਲਣ ਤੋਂ ਬਾਅਦ ਕਿਸੇ ਨੂੰ ਵੀ ਜਗਤਪੁਰਾ ਵਿੱਚ ਆਉਣ ਅਤੇ ਬਾਹਰ ਜਾਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਜਗਤਪੁਰਾ ਦੇ ਵਸਨੀਕਾਂ ਨੂੰ ਲੋੜ ਅਨੁਸਾਰ ਬਣਿਆ ਹੋਇਆ ਡੱਬਾ ਬੰਦ ਖਾਣਾ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ ਅਤੇ ਬਹੁਤ ਹੀ ਐਮਰਜੈਂਸੀ ਪੈਣ ’ਤੇ ਕਿਸੇ ਨੂੰ ਆਉਣ ਜਾਣ ਦਿੱਤਾ ਜਾਵੇਗਾ।
(ਬਾਕਸ ਆਈਟਮ)
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਜ ਹੋਰ 90 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ’ਚੋਂ ਜਗਤਪੁਰਾ ਦੇ 50 ਵਸਨੀਕਾਂ ਦੇ ਖੂਨ ਦੇ ਸੈਂਪਲ ਲਏ ਹਨ। ਸਰਕਾਰੀ ਹਸਪਤਾਲ ਵਿੱਚ ਵੀ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਇਹ ਸਾਰੇ ਵਿਅਕਤੀ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਹਨ। ਕਈ ਸੈਂਪਲ ਮੁਸਲਿਮ ਭਾਈਚਾਰੇ ਦੇ ਵਿਅਕਤੀਆਂ ਦੇ ਵੀ ਲਏ ਗਏ ਹਨ। ਇਸ ਤੋਂ ਇਲਾਵਾ ਕੁਝ ਸੈਂਪਲ ਪੀਜੀਆਈ ਵੱਲੋਂ ਲਏ ਗਏ ਹਨ। ਜਿਨ੍ਹਾਂ ਦੀ ਭਲਕੇ ਰਿਪੋਰਟ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …