
ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰੋਨਾ ਪੀੜਤ ਮਰੀਜ਼ਾਂ ਦੀ ਸਿਹਤ ਸਬੰਧੀ ਜਾਣਕਾਰੀ ਦੇਣ ਦੇ ਨਿਰਦੇਸ਼ ਜਾਰੀ
ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟ ਦਿਨ ਵਿੱਚ ਦੋ ਵਾਰ ਜਾਰੀ ਕਰਨਗੇ ਬੁਲੇਟਿਨ
ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰ ਲਈ ਵਨ ਪੁਆਇੰਟ ਕੰਟੈਕਟ ਵਜੋਂ ਕੰਮ ਕਰਨਗੇ ਨੋਡਲ ਅਧਿਕਾਰੀ/ਪੀਆਰਓ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਸਤੰਬਰ:
ਪਰਿਵਾਰਕ ਮੈਂਬਰਾਂ ਦੇ ਡਰ ਅਤੇ ਚਿੰਤਾਵਾਂ ਨੂੰ ਦੂਰ ਕਰਨ ਲਈ ਇਹ ਲਾਜ਼ਮੀ ਹੈ ਕਿ ਹਸਪਤਾਲ ਦੇ ਅਧਿਕਾਰੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਉਸਦੀ ਸਥਿਤੀ ਬਾਰੇ ਬਾਕਾਇਦਾ ਸੂਚਿਤ ਕਰਨਾ ਯਕੀਨੀ ਬਣਾਉਣ। ਇਹ ਪ੍ਰਗਟਾਵਾ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੇ ਚੇਅਰਮੈਨ ਗਿਰੀਸ਼ ਦਿਆਲਨ ਨੇ ਕੀਤਾ। ਕੋਵਿਡ ਮਾਮਲਿਆਂ/ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੇ ਵਾਧੇ ਨੂੰ ਵੇਖਦਿਆਂ ਇਹ ਲਾਜ਼ਮੀ ਹੈ ਕਿ ਹਸਪਤਾਲ ਪ੍ਰਸ਼ਾਸਨ ਤੋਂ ਮਰੀਜ਼ਾਂ ਦੇ ਪਰਿਵਾਰਾਂ ਤੱਕ ਜਾਣਕਾਰੀ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ, ਤਾਂ ਜੋ ਜਾਣੇ-ਅਣਜਾਣੇ ਜਾਣਕਾਰੀ ਸਾਂਝੀ ਕਰਨ ਵਿਚ ਦੇਰ ਨਾ ਹੋਵੇ। ਇਸ ਲਈ, ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਸਮੇਂ ਸਮੇਂ ’ਤੇ ਦਾਖ਼ਲ ਹੋਣ ਵਾਲੇ ਹਰੇਕ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਦੀ ਸਥਿਤੀ ਬਾਰੇ ਨਿਯਮਤ ਵੇਰਵਾ ਅਤੇ ਵਾਰ ਵਾਰ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟ ਦਿਨ ਵਿਚ ਦੋ ਵਾਰ ਸਾਰੇ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਸਥਿਤੀ ਬਾਰੇ ਬੁਲੇਟਿਨ ਜਾਰੀ ਕਰਨ ਪਹਿਲਾ ਦੁਪਹਿਰ 12 ਵਜੇ ਅਤੇ ਦੂਜਾ ਸ਼ਾਮ 6 ਵਜੇ। ਇਸ ਤੋਂ ਇਲਾਵਾ, ਸਾਰੇ ਪ੍ਰਾਈਵੇਟ ਹਸਪਤਾਲ ਇਕ ਨੋਡਲ ਅਧਿਕਾਰੀ ਜਾਂ ਲੋਕ ਸੰਪਰਕ ਅਧਿਕਾਰੀ (ਪੀਆਰਓ) ਨਾਮਜ਼ਦ ਕਰਨਗੇ ਜੋ ਦਾਖ਼ਲ ਹੋਏ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੇ ਪਰਿਵਾਰ ਲਈ ਵਨ ਪੁਆਇੰਟ ਕੰਟੈਕਟ ਵਜੋਂ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਲੋਂੜੀਦੀ ਜਾਣਕਾਰੀ ਮੁਹੱਈਆ ਕਰਵਾਉਣਗੇ।