
ਮੁਹਾਲੀ ਵਿੱਚ ਸਾਈਕਲ ਟਰੈਕ ਬਣਾਉਣ ਲਈ ਰਾਹ ਪੱਧਰਾ, ਪਹਿਲੇ ਪੜਾਅ ’ਤੇ ਖ਼ਰਚੇ ਜਾਣਗੇ 81 ਲੱਖ ਰੁਪਏ
ਸ਼ਹਿਰ ਵਿੱਚ ਲੋਕਾਂ ਦੀ ਸੁਵਿਧਾ ਲਈ ਸਾਈਕਲ ਟਰੈਕ ਬਣਾਇਆ ਜਾਵੇਗਾ: ਮੇਅਰ ਜੀਤੀ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਮੁਹਾਲੀ ਨਗਰ ਨਿਗਮ ਵੱਲੋਂ ਸਥਾਨਕ ਲੋਕਾਂ ਦੀ ਸੁਵਿਧਾ ਲਈ ਸ਼ਹਿਰ ਵਿੱਚ ਸਾਈਕਲ ਟਰੈਕ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਲਈ 81 ਲੱਖ ਰੁਪਏ ਰੱਖੇ ਗਏ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਇਸ ਸਬੰਧੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਐਸਟੀਮੇਟ ਪਾਸ ਕਰਕੇ ਸਾਈਕਲ ਟਰੈਕ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਨੇ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ਅਤੇ ਸਨਅਤੀ ਏਰੀਆ ਦਾ ਦੌਰਾ ਕਰਕੇ ਪਹਿਲੇ ਪੜਾਅ ਵਿੱਚ ਬਣਾਏ ਜਾਣ ਵਾਲੇ ਸਾਈਕਲ ਟਰੈਕ ਸਬੰਧੀ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ।
ਇਸ ਮੌਕੇ ਗੱਲਬਾਤ ਦੌਰਾਨ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਲਗਾਤਾਰ ਟਰੈਫ਼ਿਕ ਵਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਸੜਕ ਹਾਦਸਿਆਂ ਵਿੱਚ ਕਈ ਸਾਈਕਲ ਸਵਾਰਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਸਪੈਸ਼ਲ ਮਤਾ ਲਿਆ ਕੇ ਸਾਈਕਲ ਟਰੈਕ ਬਣਾਉਣ ਦਾ ਐਸਟੀਮੇਟ ਪਾਸ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ ਏਅਰਪੋਰਟ ਸੜਕ ਦੇ ਨਾਲ ਲਗਦੇ ਸਨਅਤੀ ਖੇਤਰ ਫੇਜ਼-8ਬੀ ਤੋਂ ਸਪਾਈਸ ਚੌਕ ਅਤੇ ਇਸ ਤੋਂ ਅੱਗੇ ਮੁਹਾਲੀ ਪਿੰਡ ਤੱਕ ਸਾਈਕਲ ਟਰੈਕ ਬਣਾਉਣ ਦੀ ਯੋਜਨਾ ਹੈ। ਇਸ ਕੰਮ ਉੱਤੇ 81 ਲੱਖ ਰੁਪਏ ਖ਼ਰਚ ਕੀਤੇ ਜਾਣਗੇ।
ਸ੍ਰੀ ਜੀਤੀ ਸਿੱਧੂ ਨੇ ਕਿਹਾ ਕਿ ਇਸ ਸੜਕ ਉੱਤੇ ਵੱਡੀ ਗਿਣਤੀ ਵਿੱਚ ਫੈਕਟਰੀਆਂ ਵਿੱਚ ਕਰਮਚਾਰੀ ਆਉਂਦੇ ਜਾਂਦੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸਾਈਕਲਾਂ ਤੇ ਸਵਾਰ ਹੁੰਦੇ ਹਨ। ਮੌਜੂਦਾ ਸਮੇਂ ਵਿੱਚ ਇਸ ਸੜਕ ਉੱਤੇ ਟਰੈਫ਼ਿਕ ਬਹੁਤ ਜ਼ਿਆਦਾ ਵਧ ਚੁੱਕਾ ਹੈ। ਇੰਜ ਹੀ ਬਲੌਂਗੀ ਵਾਲੇ ਪਾਸਿਓਂ ਵੀ ਵੱਡੀ ਗਿਣਤੀ ਫੈਕਟਰੀ ਕਾਮੇ ਸਾਈਕਲਾਂ ’ਤੇ ਇਸ ਸੜਕ ਰਾਹੀਂ ਆਉਂਦੇ ਜਾਂਦੇ ਹਨ। ਜਿਨ੍ਹਾਂ ਦੀ ਸੁਰੱਖਿਆ ਲਈ ਸਾਈਕਲ ਟਰੈਕ ਬਣਾਉਣਾ ਸਮੇਂ ਦੀ ਲੋੜ ਹੈ।
ਮੇਅਰ ਨੇ ਕਿਹਾ ਕਿ ਸਿਹਤ ਪੱਖੋਂ ਜਾਗਰੂਕ ਲੋਕ ਸਾਈਕਲਿੰਗ ਵੀ ਕਰਦੇ ਹਨ ਤਾਂ ਜੋ ਉਹ ਫਿੱਟ ਰਹਿ ਸਕਣ ਪਰ ਲਗਾਤਾਰ ਵਧ ਰਿਹਾ ਟਰੈਫ਼ਿਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਸਾਈਕਲਿੰਗ ਕਲੱਬ ਵੀ ਬਣੇ ਹੋਏ ਹਨ, ਜਿਨ੍ਹਾਂ ਦੀ ਸਾਈਕਲ ਟਰੈਕ ਬਣਾਉਣ ਦੀ ਪੁਰਜ਼ੋਰ ਮੰਗ ਰਹੀ ਹੈ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾ ਪੜਾਅ ਮੁਕੰਮਲ ਹੋਣ ਅਤੇ ਚੰਗੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਸਾਈਕਲ ਟਰੈਕ ਬਣਾਏ ਜਾਣਗੇ।