nabaz-e-punjab.com

ਪੇ-ਪੈਰਿਟੀ ਮਾਮਲਾ: ਸਰਕਾਰ ਦੀ ਲਾਰੇਬਾਜ਼ੀ ਕਾਰਨ ਵੈਟਰਨਰੀ ਡਾਕਟਰ ਮੁੜ ਅੰਦੋਲਨ ਸ਼ੁਰੂ ਕਰਨ ਦੇ ਰੌਂਅ ’ਚ

ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ:
ਪਸ਼ੂ ਪਾਲਣ ਵਿਭਾਗ ਪੰਜਾਬ ਦੇ ਵੈਟਰਨਰੀ ਡਾਕਟਰ ਪੇ-ਪੈਰਿਟੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਲਾਰੇਬਾਜ਼ੀ ਤੋਂ ਤੰਗ ਆ ਕੇ ਮੁੜ ਤੋਂ ਸੰਘਰਸ਼ ਵਿੱਢਣ ਦੇ ਰੌਂਅ ਵਿੱਚ ਹਨ। ਤਨਖ਼ਾਹ ਦੀ ਬਰਾਬਰੀ ਲਈ ਵੈਟਰਨਰੀ ਡਾਕਟਰਾਂ ਦੀ ਸਾਂਝੀ ਜੁਆਇੰਟ ਐਕਸ਼ਨ ਕਮੇਟੀ ਲੜੀਵਾਰ ਸੰਘਰਸ਼ ਸ਼ੁਰੂ ਕਰੇਗੀ। ਇਸ ਸਬੰਧੀ ਜਥੇਬੰਦੀ ਦੀ 11 ਜਨਵਰੀ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿੱਚ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਅੱਜ ਇੱਥੇ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਡਾ. ਗੁਰਚਰਨ ਸਿੰਘ ਅਤੇ ਮੀਡੀਆ ਇੰਚਾਰਜ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਉਪ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਭਰੋਸੇ ਦੇ ਬਾਵਜੂਦ ਵੈਟਰਨਰੀ ਅਫ਼ਸਰਾਂ ਦੀ ਪਿਛਲੇ 40 ਸਾਲਾਂ ਤੋਂ ਮੈਡੀਕਲ ਅਫ਼ਸਰਾਂ ਨਾਲ ਤਨਖ਼ਾਹ ਬਰਾਬਰੀ ਜੋ ਪਿਛਲੀ ਕਾਂਗਰਸ ਸਰਕਾਰ ਵੱਲੋਂ ਤੋੜ ਦਿੱਤੀ ਗਈ ਸੀ, ਉਸ ਨੂੰ ਅਜੇ ਤੱਕ ਬਹਾਲ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਬੀਤੀ 10 ਨਵੰਬਰ ਨੂੰ ਗਿੱਦੜਬਾਹਾ ਵਿਖੇ ਪੰਜਾਬ ਸਰਕਾਰ ਦੀ ਢਿੱਲ-ਮੱਠ ਵਿਰੁੱਧ ਰੋਸ ਮਾਰਚ ਕਰਨ ਦੀ ਯੋਜਨਾ ਬਣਾਈ ਗਈ ਸੀ। ਵੈਟਰਨਰੀ ਅਫ਼ਸਰ, ਸੀਨੀਅਰ ਵੈਟਰਨਰੀ ਅਫ਼ਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ, ਸੇਵਾਮੁਕਤ ਪਸ਼ੂ ਪਾਲਣ ਅਫ਼ਸਰ ਅਤੇ ਸੂਬੇ ਦੇ ਤਿੰਨ ਵੈਟਰਨਰੀ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਰੋਸ ਮਾਰਚ ਵਿੱਚ ਸ਼ਮੂਲੀਅਤ ਕਰਨੀ ਸੀ ਪਰ ਉਸ ਸਮੇਂ ਸਰਕਾਰੀ ਭਰੋਸੇ ਅਤੇ ਪਸ਼ੂਆਂ ਨੂੰ ਮੂੰਹਖੁਰ ਦੀ ਬੀਮਾਰੀ ਦੇ ਟੀਕੇ ਲਗਾਉਣ ਕਾਰਨ ਪਸ਼ੂ ਪਾਲਕਾਂ ਦੇ ਹਿੱਤ ਵਿੱਚ ਅੰਦੋਲਨ ਮੁਅੱਤਲ ਕਰ ਦਿੱਤਾ ਸੀ।
ਡਾ. ਗੁਰਚਰਨ ਸਿੰਘ ਨੇ ਸਰਕਾਰ ਵੱਲੋਂ ਢਿੱਲਮੱਠ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਵੈਟਰਨਰੀ ਡਾਕਟਰਾਂ ਦਾ ਸਮੁੱਚਾ ਕਾਡਰ ਕਾਫ਼ੀ ਅੌਖਾ ਹੈ। ਉਨ੍ਹਾਂ ਮੰਗ ਕੀਤੀ ਕਿ ਡਾਕਟਰਾਂ ਨਾਲ ਚਾਰ ਦਹਾਕਿਆਂ ਪੁਰਾਣੀ ਸਮਾਨਤਾ ਜੋ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ’ਤੇ ਦਿੱਤੀ ਗਈ ਸੀ। ਉਸ ਨੂੰ ਤੁਰੰਤ ਪ੍ਰਭਾਵ ਨਾਲ ਬਹਾਲ ਕੀਤਾ ਜਾਵੇ। ਸੂਬਾ ਮੀਡੀਆ ਇੰਚਾਰਜ ਡਾ. ਗੁਰਿੰਦਰ ਸਿੰਘ ਵਾਲੀਆ ਨੇ ਸਰਕਾਰ ਨੂੰ ਆਪਣੇ ਵਾਅਦੇ ’ਤੇ ਖੜੇ ਨਾ ਰਹਿਣ ਲਈ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ‘ਆਪ’ ਸਰਕਾਰ ਪੰਜਾਬ ਦੇ ਵੈਟਰਨਰੀ ਅਫ਼ਸਰਾਂ ਦੀ ਵਾਜਬ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁੜ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ: ਸ…