ਪੀਸੀਐਮਐਸ ਡਾਕਟਰਜ਼ ਐਸੋਸੀਏਸ਼ਨ ਖੂਨਦਾਨ ਕਰਕੇ ਐਨਪੀਏ ਦੀ ਵਾਪਸੀ ਲਈ ਕੀਤਾ ਸੰਘਰਸ਼ ਦਾ ਆਗਾਜ਼

ਸੰਘਰਸ਼ ਨੂੰ ਤਿੱਖਾ ਕਰਨ ਲਈ ਐਨਪੀਏ ਲੈਣ ਵਾਲੀਆਂ ਸਮੂਹ ਜਥੇਬੰਦੀਆਂ ਦੀ ਕੋਆਰਡੀਨੇਸ਼ਨ ਕਮੇਟੀ ਕਾਇਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
ਪੰਜਾਬ ਸਰਕਾਰ ਦੀ ਪੇ-ਕਮਿਸ਼ਨ ਰਿਪੋਰਟ ਤੋਂ ਭੜਕੇ ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸ ਡਾਕਟਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਟੀਮ ਨੇ ਅੱਜ ਮੁਹਾਲੀ ਵਿਖੇ ਖੂਨਦਾਨ ਕਰਕੇ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਹਸਪਤਾਲਾਂ ਵਿੱਚ ਵੀ ਡਾਕਟਰਾਂ ਵੱਲੋਂ ਖੂਨਦਾਨ ਕਰਨ ਦੀ ਰਿਪੋਰਟਾਂ ਮਿਲੀਆਂ ਹਨ। ਡਾਕਟਰਾਂ ਦੇ ਹਮਲਾਵਰ ਰੁੱਖ ਨੂੰ ਭਾਂਪਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਸੋਸੀਏਸ਼ਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਮੀਟਿੰਗ ਵਿੱਚ ਸਿਹਤ ਮੰਤਰੀ ਨੇ ਐਸੋਸੀਏਸ਼ਨ ਨੂੰ ਇਸ ਗੰਭੀਰ ਮੁੱਦੇ ਨੂੰ ਲਾਜ਼ਮੀ ਤੌਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਅਤੇ ਡਾਕਟਰਾਂ ਵੱਲੋਂ ਦਿੱਤੇ 23 ਜੂਨ ਦੇ ਹੜਤਾਲ ਦੇ ਨੋਟਿਸ ’ਤੇ ਪ੍ਰਤੀਕਰਮ ਕਰਦਿਆਂ ਇਸ ਮਸਲੇ ਦੇ ਹੱਲ ਲਈ ਕੁੱਝ ਦਿਨਾਂ ਦੀ ਮੋਹਲਤ ਮੰਗੀ। ਮੰਤਰੀ ਦੇ ਭਰੋਸੇ ਤੋਂ ਬਾਅਦ ਸਮੂਹ ਡਾਕਟਰਾਂ ਨੇ ਦੋ ਦਿਨ ਲਈ ਆਪਣੀ ਹੜਤਾਲ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਸਰਕਾਰ ਦਾ ਮਸਲਾ ਹੱਲ ਨਹੀਂ ਕੀਤਾ ਤਾਂ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ 25 ਜੂਨ ਨੂੰ ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਅਤੇ ਐਸਡੀਐਮ ਨੂੰ ਮੰਗ ਪੱਤਰ ਸੌਂਪ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ।
ਜਾਣਕਾਰੀ ਅਨੁਸਾਰ ਪੀਸੀਐਮਐਸ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਵੱਖ-ਵੱਖ ਜਥੇਬੰਦੀਆਂ ਦੀ ਕੋਆਰਡੀਨੇਸ਼ਨ ਕਮੇਟੀ ਕਾਇਮ ਕੀਤੀ ਗਈ। ਜਿਸ ਵਿੱਚ ਪੀਸੀਐਮਐਸ ਡੈਂਟਲ ਐਸੋਸੀਏਸ਼ਨ, ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ, ਪੰਜਾਬ ਰਾਜ ਵੈਟਰਨਰੀ ਅਫ਼ਸਰ ਐਸੋਸੀਏਸ਼ਨ, ਮੈਡੀਕਲ ਕਾਲਜ ਟੀਚਰਜ਼ ਐਸੋਸੀਏਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਪੀਸੀਐਮਐਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਸਰਕਾਰ ਦੀ ਕਰੋਨਾ ਦੀ ਤੀਜੀ ਲਹਿਰ ਨੂੰ ਰੋਕਣ ਲਈ ਪ੍ਰਬੰਧਾਂ ’ਤੇ ਪ੍ਰਸ਼ਨ-ਚਿੰਨ੍ਹ ਲਗਾਉਂਦਿਆਂ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ, ਇਹ ਕਰੋਨਾ ਵਾਰੀਅਰਜ਼ ਦਾ ਮਨੋਬਲ ਡੇਗਣ ਵਾਲੇ ਹਨ। ਉਨ੍ਹਾਂ ਅਜਿਹੇ ਫੈਸਲਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਡਾ. ਗਗਨਦੀਪ ਸ਼ੇਰਗਿੱਲ ਅਤੇ ਜਥੇਬੰਦਕ ਸਕੱਤਰ ਡਾ. ਇੰਦਰਵੀਰ ਗਿੱਲ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…