ਪੀਸੀਆਰ ਜਵਾਨ ਨੇ ਮੋਟਰ ਸਾਈਕਲ ਚਾਲਕ ਨੂੰ ਮਾਰਿਆ ਡੰਡਾ, ਭੜਕੇ ਹੋਏ ਲੋਕਾਂ ਨੇ ਏਅਰਪੋਰਟ ਸੜਕ ਕੀਤੀ ਜਾਮ

ਬਲੌਂਗੀ ਥਾਣੇ ਦੇ ਐਸਐਚਓ ਨੇ ਹੌਲਦਾਰ ਵਿਰੁੱਧ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਮੁਹਾਲੀ ਏਅਰਪੋਰਟ ਰੋਡ ’ਤੇ ਟੀਡੀਆਈ ਸਿਟੀ ਦੇ ਸਾਹਮਣੇ ਸੜਕ ਕਿਨਾਰੇ ਗੱਡੀ ਖੜੀ ਕਰਕੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਦੇ ਕਾਗਜ ਚੈਕ ਕਰ ਰਹੇ ਪੀਸੀਆਰ ਪਾਰਟੀ ਦੇ ਕਰਮਚਾਰੀ ਵੱਲੋਂ ਇੱਕ ਮੋਟਰਸਾਈਕਲ ਸਵਾਰ ਦੇ ਮੂੰਹ ਤੇ ਡੰਡਾ ਮਾਰਨ ਤੋੱ ਬਾਅਦ ਭੜਕੇ ਲੋਕਾਂ ਨੇ ਸੜਕ ’ਤੇ ਹੀ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਅਤੇ ਪੁਲੀਸ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਦੌਰਾਨ ਏਅਰਪੋਰਟ ਸੜਕ ਤੇ ਆਵਾਜਾਈ ਪ੍ਰਭਾਵਿਤ ਹੋਈ ਅਤੇ ਬਾਅਦ ਵਿੱਚ ਥਾਣਾ ਬਲੌਂਗੀ ਦੇ ਐਸਐਚਓ ਭਗਵੰਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਡੰਡਾ ਮਾਰਨ ਵਾਲੇ ਪੁਲੀਸ ਕਰਮਚਾਰੀ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ। ਬਾਅਦ ਵਿੱਚ ਪੁਲੀਸ ਵੱਲੋਂ ਨੌਜਵਾਨ ਦਾ ਮੈਡੀਕਲ ਕਰਵਾਇਆ ਗਿਆ ਅਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਕਰਨ ਅਤੇ ਰਾਜੇਸ਼ ਨਾਮ ਦੇ ਦੋ ਨੌਜਵਾਨ ਮੋਟਰ ਸਾਈਕਲ ਤੇ ਮੁਹਾਲੀ ਤੋਂ ਖਰੜ ਵੱਲ ਜਾ ਰਹੇ ਸੀ। ਟੀਡੀਆਈ ਸਿਟੀ ਕੋਲ ਸੜਕ ਕਿਨਾਰੇ ਖੜੇ ਪੀਸੀਆਰ ਦੇ ਹਵਲਦਾਰ ਮਹਿੰਦਰ ਨੇ ਸਿੰਘ ਨੇ ਇਹਨਾਂ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਹਨਾਂ ਨੌਜਵਾਨਾਂ ਦੀ ਰਫਤਾਰ ਤੇਜ ਹੋਣ ਕਾਰਨ ਜਦੋੱ ਇਹ ਮਹਿੰਦਰ ਸਿੰਘ ਦੇ ਨੇੜਿਓਂ ਲੰਘੇ ਤਾਂ ਉਸਨੇ ਮੋਟਰ ਸਾਈਕਲ ਸਵਾਰਾਂ ਨੂੰ ਡੰਡਾ ਮਾਰ ਦਿੱਤਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਬੈਠੇ ਰਾਜੇਸ਼ ਕੁਮਾਰ ਵਾਸੀ ਅੰਮ੍ਰਿਤਸਰ ਦੇ ਮੂੰਹ ’ਤੇ ਲੱਗਿਆ ਅਤੇ ਉਸ ਦੀ ਅੱਖ ਮਸਾ ਬਚੀ। ਮੋਟਰ ਸਾਈਕਲ ਰੋਕਣ ਤੋਂ ਬਾਅਦ ਉਕਤ ਨੌਜਵਾਨਾਂ ਨੇ ਪੁਲੀਸ ਕਰਮਚਾਰੀ ਨੂੰ ਡੰਡਾ ਮਾਰਨ ਦਾ ਕਾਰਣ ਪੁੱਛਿਆ ਤਾਂ ਉਹ ਉਲਟਾ ਉਹਨਾਂ ਤੇ ਹੀ ਰੋਹਬ ਮਾਰਨ ਲੱਗ ਪਿਆ ਜਿਸ ਤੇ ਇਹਨਾਂ ਦੋਵਾਂ ਨੌਜਵਾਨਾਂ ਨੇ ਸੜਕ ਤੇ ਬੈਠ ਕੇ ਧਰਨਾ ਲਗਾ ਦਿੱਤਾ। ਇਸੇ ਦੌਰਾਨ ਉੱਥੇ ਕਾਫੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਜਿਹੜੇ ਇਹਨਾਂ ਨੌਜਵਾਨਾਂ ਦੇ ਧਰਨੇ ਵਿੱਚ ਸ਼ਾਮਿਲ ਹੋ ਗਏ ਅਤੇ ਉਹਨਾਂ ਨੇ ਪੁਲੀਸ ਦੇ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਇਹਨਾਂ ਲੋਕਾਂ ਦਾ ਕਹਿਣਾ ਸੀ ਕਿ ਇਹ ਪੀ ਸੀ ਆਰ ਕਰਮਚਾਰੀ ਇੱਥੇ ਥਾਂ ਬਦਲ ਬਦਲ ਕੇ ਨਾਕੇ ਲਗਾ ਲੈਂਦੇ ਹਨ ਅਤੇ ਆਮ ਵਾਹਨ ਚਾਲਕਾਂ ਦੀ ਜਾਂਚ ਦੇ ਬਹਾਨੇ ਉਹਨਾਂ ਤੋੱ ਪੈਸੇ ਵਸੂਲਦੇ ਹਨ।
ਮੌਕੇ ਤੇ ਪਹੁੰਚੇ ਥਾਣਾ ਬਲੌਂਗੀ ਦੇ ਏਐਸਆਈ ਦਿਲਬਾਗ ਸਿੰਘ ਨੇ ਨੌਜਵਾਨਾਂ ਨੂੰ ਧਰਨਾ ਚੁੱਕਣ ਦੀ ਅਪੀਲ ਕੀਤੀ ਪ੍ਰੰਤੂ ਧਰਨਾਕਾਰੀ ਉਕਤ ਪੁਲੀਸ ਮੁਲਾਜਮ ਦੀ ਖਿਲਾਫ ਕਾਰਵਾਈ ਦੀ ਮੰਗ ਤੇ ਅੜੇ ਰਹੇ। ਬਾਅਦ ਵਿੱਚ ਥਾਣਾ ਬਲੌਂਗੀ ਦੇ ਐਸਐਚਓ ਭਗਵੰਤ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲੀਸ ਵੱਲੋਂ ਡੰਡਾ ਮਾਰਨ ਵਾਲੇ ਹਵਲਦਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ। ਸੰਪਰਕ ਕਰਨ ਤੇ ਥਾਣਾ ਬਲੌਂਗੀ ਦੇ ਐਸਐਚਓ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋੱ ਪੀੜਤ ਲੜਕੇ ਦਾ ਮੈਡੀਕਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪੁਲੀਸ ਕਰਮਚਾਰੀ ਨੇ ਇਸ ਤਰੀਕੇ ਨਾਲ ਵਾਹਨ ਸਵਾਰ ਨੂੰ ਡੰਡਾ ਮਾਰ ਕੇ ਗਲਤ ਕੰਮ ਕੀਤਾ ਹੈ ਅਤੇ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…