ਅਕਾਲੀ, ਭਾਜਪਾ ਤੇ ਕਾਂਗਰਸ ਖ਼ਿਲਾਫ਼ ਪੋਲ੍ਹ ਖੋਲੋ ਮੁਹਿੰਮ ਸ਼ੁਰੂ ਕਰੇਗੀ ਪੰਜਾਬ ਡੈਮੋਕ੍ਰੇਟਿਕ ਪਾਰਟੀ: ਮਾਨ

ਮੁਹਾਲੀ ਨਗਰ ਨਿਗਮ ਚੋਣਾਂ ਲਈ ਸੱਤ ਮੈਂਬਰੀ ਜ਼ਿਲ੍ਹਾ ਡੈਮੋਕ੍ਰੇਟਿਕ ਕਮੇਟੀ ਦਾ ਗਠਨ

ਪੀਡੀਪੀ ਵੱਲੋਂ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਆਪੋ-ਆਪਣੇ ਢੰਗ ਨਾਲ ਦੇਸ਼ ਦੇ ਲੋਕਾਂ ਦਾ ਬੁੱਧੂ ਬਣਾ ਰਹੀਆਂ ਰਾਜਨੀਤਕ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਆਗਾਮੀ ਨਿਗਮ ਚੋਣਾਂ ਵਿੱਚ ਪੋਲ ਖੋਲ੍ਹਣ ਲਈ ਮੁਹਿੰਮ ਚਲਾਏਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੀਡੀਪੀ ਦੇ ਕੌਮੀ ਪ੍ਰਧਾਨ ਗੁਰਕਿਰਪਾਲ ਸਿੰਘ ਮਾਨ ਨੇ ਅੱਜ ਇੱਥੇ ਸੈਕਟਰ-70 ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੀਟਿੰਗ ਵਿੱਚ ਮੁਹਾਲੀ ਨਗਰ ਨਿਗਮ ਚੋਣਾਂ ਲਈ ਜ਼ਿਲ੍ਹਾ ਡੈਮੋਕ੍ਰੇਟਿਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਅਮਰਜੀਤ ਸਿੰਘ ਵਾਲੀਆ ਨੂੰ ਪ੍ਰਧਾਨ, ਬਲਵਿੰਦਰ ਸਿੰਘ ਬੱਲੀ ਤੇ ਰਵਿੰਦਰ ਕੌਰ ਗਿੱਲ ਨੂੰ ਮੀਤ ਪ੍ਰਧਾਨ, ਗੁਰਬਖ਼ਸ਼ ਸਿੰਘ ਨੂੰ ਜਨਰਲ ਸਕੱਤਰ, ਹਰਪਾਲ ਸਿੰਘ ਨੂੰ ਸਕੱਤਰ, ਨਰਿੰਦਰ ਸਿੰਘ ਨੂੰ ਜੁਆਇੰਟ ਜਨਰਲ ਸਕੱਤਰ, ਮਲਕੀਅਤ ਸਿੰਘ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਦੇਸ਼ ਵਿਆਪੀ ਕਿਸਾਨ ਸੰਘਰਸ਼ ਨੂੰ ਸਮਰਥਨ ਦਿੱਤਾ ਗਿਆ।
ਸ੍ਰੀ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਬਾਦਲ ਪਰਿਵਾਰ ਦੀ ਅਸਲੀਅਤ ਤਾਂ ਲੋਕ ਪਹਿਲਾਂ ਹੀ ਜਾਣ ਚੁੱਕੇ ਹਨ ਜਿਸ ਦੇ ਚਲਦਿਆਂ ਬਾਦਲ ਪਰਿਵਾਰ ਹੁਣ ਲੋਕਾਂ ਵਿੱਚ ਜਾਣ ਤੋਂ ਵੀ ਖੌਫ਼ ਖਾ ਰਿਹਾ ਹੈ। ਇਹੋ ਕਾਰਨ ਹੈ ਕਿ ਮੋਹਾਲੀ ਨਗਰ ਨਿਗਮ ਵਿੱਚ ਬਹੁਤੇ ਉਮੀਦਵਾਰ ਇਸ ਵਾਰੀ ਅਕਾਲੀ ਦਲ ਦੀ ਟਿਕਟ ਉਤੇ ਚੋਣ ਲੜਨ ਤੋਂ ਕਤਰਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੂੰ ਨਿਗਮ ਚੋਣਾਂ ਲਈ ਉਮੀਦਵਾਰ ਹੀ ਨਹੀਂ ਮਿਲ ਰਹੇ ਹਨ। ਪਹਿਲਾਂ ਤੋਂ ਹੀ ਨਿਗਮ ਚੋਣਾਂ ਵਿੱਚ ਆਪਣੀ ਹਾਰ ਹੁੰਦੀ ਦੇਖ ਕਾਂਗਰਸ ਪਾਰਟੀ ਨੇ ਵਾਰਡਬੰਦੀ ਵਿੱਚ ਵੱਡੇ ਪੱਧਰ ‘ਤੇ ਰੱਦੋਬਦਲ ਕਰ ਦਿੱਤੀ ਅਤੇ ਕਥਿਤ ਧੱਕੇਸ਼ਾਹੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
ਪੀਡੀਪੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਤੇ ਯੂਟੀ ਸਾਂਝਾ ਮੁਲਾਜ਼ਮ ਮੰਚ ਨਾਲ ਮਿਲ ਕੇ ਨਗਰ ਨਿਗਮ ਚੋਣ ਲੜਨ ਦਾ ਅਹਿਦ ਲਿਆ ਹੈ ਅਤੇ ਪਾਰਟੀ ਸਾਫ਼ ਸੁਥਰੇ ਢੰਗ ਨਾਲ ਚੋਣ ਲੜੇਗੀ ਅਤੇ ਲੋਕਾਂ ਵਿੱਚ ਜਾ ਕੇ ਉਕਤ ਰਵਾਇਤੀ ਪਾਰਟੀਆਂ ਦੀ ਪੋਲ੍ਹ ਖੋਲ੍ਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਨਿਗਮ ਚੋਣਾਂ ਵਿੱਚ ਪੀਡੀਪੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਰਵਾਇਤੀ ਪਾਰਟੀਆਂ ਦਾ ਸਫ਼ਾਇਆ ਕੀਤਾ ਜਾ ਸਕੇ। ਇਸ ਮੌਕੇ ਸੂਬਾ ਜਨਰਲ ਸਕੱਤਰ ਵਿਨੋਦ ਪਾਠਕ, ਮੀਤ ਪ੍ਰਧਾਨ ਡਾ. ਹਰਜਿੰਦਰ ਹੈਰੀ, ਭੁਪਿੰਦਰ ਕੌਰ, ਸਕੱਤਰ ਰਾਜਿੰਦਰ ਰੇਨੂ, ਸੰਦੀਪ ਕੌਰ, ਸੁਮਨ ਸ਼ਰਮਾ, ਮਨਪ੍ਰੀਤ ਕੌਰ ਅਤੇ ਹੋਰ ਸਰਗਰਮ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…