
ਭਾਰਤ-ਚੀਨ ਸਰਹੱਦ ’ਤੇ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ, ਸ਼ਾਂਤੀ ਮਾਰਚ ਕੱਢਿਆ
ਸ਼ਹੀਦ ਬਾਬਾ ਦੀਪ ਸਿੰਘ ਕਲੱਬ ਦੇ ਮੈਂਬਰਾਂ ਨੇ ਭਾਰਤ ਵਿੱਚ ਚੀਨੀ ਸਮਾਨ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਇੱਥੋਂ ਦੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਫੇਜ਼-11 ਦੇ ਚੇਅਰਮੈਨ ਜਸਰਾਜ ਸਿੰਘ ਸੋਨੂੰ ਦੀ ਅਗਵਾਈ ਹੇਠ ਸੋਮਵਾਰ ਨੂੰ ਫੇਜ਼-11 ਸਥਿਤ ਐਲਆਈਜੀ ਬਲਾਕ ਵਿੱਚ ਸ਼ਰਧਾਂਜਲੀ ਸਮਾਰੋਹ ਆਯੋਜਿਤ ਕਰਕੇ ਭਾਰਤ ਚੀਨ-ਸਰਹੱਦ ’ਤੇ ਸ਼ਹੀਦ ਹੋਏ ਭਾਰਤੀ ਸੈਨਾਂ ਦੇ 20 ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਆਪਣੇ ਹੱਥਾਂ ਵਿੱਚ ਮੋਮਬੱਤੀਆਂ ਲੈ ਕੇ ਚੀਨ ਦੇ ਖ਼ਿਲਾਫ਼ ਸ਼ਾਂਤੀ ਮਾਰਚ ਕੀਤਾ।
ਇਸ ਮੌਕੇ ਜਸਰਾਜ ਸਿੰਘ ਸੋਨੂੰ ਨੇ ਕਿਹਾ ਕਿ ਚੀਨ ਦੇ ਫੌਜੀਆਂ ਨੇ ਧੋਖੇ ਨਾਲ ਭਾਰਤ ਦੇ ਜਵਾਨਾਂ ’ਤੇ ਧੋਖੇ ਨਾਲ ਹਮਲਾ ਕਰਕੇ ਉਨ੍ਹਾਂ ਦਾ ਮਿਥੀ ਸਾਜ਼ਿਸ਼ ਦੇ ਤਹਿਤ ਕਤਲ ਕੀਤਾ ਗਿਆ ਹੈ। ਜਿਸ ਦਾ ਕੇਂਦਰ ਸਰਕਾਰ ਨੂੰ ਤੁਰੰਤ ਬਦਲਾ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਚੀਨੀ ਸਮਾਨ ਦਾ ਬਾਈਕਾਟ ਕੀਤਾ ਜਾਵੇ। ਇਸ ਸ਼ਾਂਤੀ ਮਾਰਚ ਵਿੱਚ ਸ਼ਾਮਲ ਸਥਾਨਕ ਵਸਨੀਕਾਂ ਨੇ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਭਾਰਤ ਵਿੱਚ ਚੀਨੀ ਸਮਾਨ ਦੇ ਆਯਾਤ-ਨਿਰਯਾਤ ’ਤੇ ਪੂਰਨ ਪਾਬੰਦੀ ਲਗਾਈ ਜਾਵੇ। ਇਸ ਮਾਰਚ ਵਿੱਚ ਗੁਰਮੀਤ ਸਿੰਘ, ਪੂਜਾ, ਸੀਮਾ ਪੁਰੀ, ਗਗਨਦੀਪ ਕੌਰ, ਸਾਬਕਾ ਕੌਂਸਲਰ ਇੰਦਰਜੀਤ ਕੌਰ, ਪਿੰਕੀ ਸੋਨੀ, ਬਾਲਾ ਠਾਕੁਰ, ਹਰਪਾਲ ਸਿੰਘ, ਕਸ਼ਮੀਰ ਕੌਰ, ਜਸਵੰਤ ਕੌਰ ਸਰਨਾ, ਜਸਪਿੰਦਰ ਸਿੰਘ, ਅਮਨ ਲੁਥਰਾ, ਸੋਨੀਆ ਅਤੇ ਹੋਰ ਨਿਵਾਸੀ ਹਾਜ਼ਰ ਸਨ।