nabaz-e-punjab.com

ਪਰਲਜ਼ ਗਰੁੱਪ ਕੇਸ: ਵਿਜੀਲੈਂਸ ਵੱਲੋਂ ਤਿੰਨ ਭਗੌੜੇ ਮੁਲਜ਼ਮਾਂ ਨੂੰ ਗੁਜਰਾਤ ਤੋਂ ਕੀਤਾ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 23 ਅਕਤੂਬਰ:
ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਗੁਜਰਾਤ ਪੁਲੀਸ ਦੇ ਸਹਿਯੋਗ ਨਾਲ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਕੇਸ ਵਿੱਚ ਲੋੜੀਂਦੇ ਤਿੰਨ ਭਗੌੜੇ ਮੁਲਜ਼ਮਾਂ ਨੂੰ ਅਹਿਮਦਾਬਾਦ ਤੋਂ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਰਕੀਰਤ ਸਿੰਘ ਵਾਸੀ ਪਿੰਡ ਸ਼ਮਸ਼ਪੁਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਪ੍ਰਭਜੋਤ ਸਿੰਘ ਵਾਸੀ ਪਿੰਡ ਗੋਨਿਆਣਾ ਕਲਾਂ, ਜ਼ਿਲ੍ਹਾ ਬਠਿੰਡਾ ਅਤੇ ਪਰਦੀਪ ਸਿੰਘ ਵਾਸੀ ਪਿੰਡ ਜਲਵੇੜਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।
ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਥਾਣਾ ਸ਼ਹਿਰੀ ਜ਼ੀਰਾ ਵਿੱਚ 16 ਜੁਲਾਈ 2020 ਨੂੰ ਧਾਰਾ 406, 420, 467, 468, 471 ਅਤੇ 120-ਬੀ ਤਹਿਤ ਦਰਜ ਮਾਮਲੇ ਲੋੜੀਂਦੇ ਸਨ। ਇਸ ਕੇਸ ਵਿੱਚ ਉਕਤ ਮੁਲਜ਼ਮਾਂ ’ਤੇ ਪਿੰਡ ਘੋਲੂਮਾਜਰਾ (ਜ਼ਿਲ੍ਹਾ ਮੁਹਾਲੀ) ਵਿੱਚ ਪਰਲਜ਼ ਗਰੁੱਪ ਦੀਆਂ ਵੱਖ-ਵੱਖ ਜਾਇਦਾਦਾਂ ਦੀ ਗੈਰ-ਕਾਨੂੰਨੀ ਤੌਰ ’ਤੇ ਤਬਾਦਲਾ-ਏ-ਮਲਕੀਅਤ ਕਰਨ ਦਾ ਦੋਸ਼ ਹੈ। ਇਨ੍ਹਾਂ ਨੂੰ ਇਸ ਗੱਲ ਦਾ ਪੂਰਾ ਇਲਮ ਸੀ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਪੀਏਸੀਐਲ ਨੂੰ ਕਿਸੇ ਵੀ ਅਜਿਹੀ ਜਾਇਦਾਦ ਨੂੰ ਵੇਚਣ/ਤਬਾਦਲਾ-ਏ-ਮਲਕੀਅਤ ਕਰਨ ’ਤੇ ਰੋਕ ਲਗਾਈ ਹੋਈ ਹੈ, ਜਿਸ ਵਿੱਚ ਪਰਲਜ਼ ਗਰੁੱਪ ਦਾ ਕਿਸੇ ਵੀ ਰੂਪ ਵਿੱਚ ਕੋਈ ਅਧਿਕਾਰ ਜਾਂ ਹਿੱਤ ਬਣਦਾ ਹੈ ਪਰ ਬਾਵਜੂਦ ਇਸ ਦੇ ਇਨ੍ਹਾਂ ਨੇ ਜਾਇਦਾਦਾਂ ਦੀ ਫ਼ਰੋਖ਼ਤ/ਤਬਾਦਲਾ-ਏ-ਮਲਕੀਅਤ ਦਾ ਅਮਲ ਜਾਰੀ ਰੱਖਿਆ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜਸਟਿਸ (ਸੇਵਾਮੁਕਤ) ਆਰ.ਐਮ. ਲੋਹੀਆ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਤਹਿਤ ਇਹ ਸਪੱਸ਼ਟ ਹਦਾਇਤ ਸੀ ਕਿ ਪਰਲਜ਼ ਗਰੁੱਪ ਦੀਆਂ ਜਾਇਦਾਦਾਂ ਨੂੰ ਵੇਚਣ ਤੋਂ ਬਾਅਦ ਹੋਈ ਵਿਕਰੀ ਦੀ ਵਰਤੋਂ, ਕੰਪਨੀ ਵੱਲੋਂ ਸ਼ੁਰੂ ਕੀਤੀ ਗਈ ਸਮੂਹਿਕ ਨਿਵੇਸ਼ ਯੋਜਨਾ (ਸੀਆਈਐਸ) ਵਿੱਚ ਆਪਣੀ ਮਿਹਨਤ ਦੀ ਕਮਾਈ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਬਣਦੀ ਰਾਸ਼ੀ ਮੋੜਨ ਲਈ ਕੀਤੀ ਜਾਵੇ।
ਵਿਜੀਲੈਂਸ ਅਨੁਸਾਰ ਮੁਲਜ਼ਮ ਹਰਕੀਰਤ ਸਿੰਘ, ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਸੈੱਲ ਮੁਹਾਲੀ ਵਿੱਚ 21 ਫਰਵਰੀ 2023 ਨੂੰ ਦਰਜ ਇੱਕ ਹੋਰ ਅਪਰਾਧਿਕ ਪਰਚੇ ਧਾਰਾ 406, 420, 465, 467, 468, 471, 384, 120-ਬੀ ਵਿੱਚ ਵੀ ਲੋੜੀਂਦਾ ਸੀ। ਇਸ ਕੇਸ ਵਿੱਚ ਪਹਿਲੀ ਜਨਵਰੀ ਨੂੰ ਹੋਈ ਜਨਰਲ ਬਾਡੀ ਦੀ ਮੀਟਿੰਗ ਦੀ ਫਰਜ਼ੀ ਕਾਰਵਾਈ ਦੇ ਆਧਾਰ ’ਤੇ ਪਰਲਜ਼ ਗਰੁੱਪ ਦੇ ਤਿੰਨ ਡਾਇਰੈਕਟਰਾਂ ਦੀ ਗੈਰ-ਕਾਨੂੰਨੀ ਨਿਯੁਕਤੀ ਅਤੇ ਕੰਪਨੀ ਦੀਆਂ ਜਾਇਦਾਦਾਂ ਨਾਲ ਜੁੜੇ ਵਿਅਕਤੀਆਂ/ਇਕਾਈਆਂ ਤੋਂ ਪੈਸਾ ਵਸੂਲਣ ਵਿੱਚ ਉਸਦੀ ਭੂਮਿਕਾ ਦੱਸੀ ਜਾਂਦੀ ਹੈ। ਉਕਤ ਤਿੰਨੋਂ ਮੁਲਜ਼ਮਾਂ ਦਾ ਰਾਹਦਾਰੀ ਰਿਮਾਂਡ ’ਤੇ ਮੁਹਾਲੀ ਲਿਆਂਦਾ ਗਿਆ ਹੈ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਪਰਲਜ਼ ਗਰੁੱਪ ਦੇ ਐਮਡੀ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਭੰਗੂ ਸਮੇਤ ਗੈਰ-ਕਾਨੂੰਨੀ ਤੌਰ ’ਤੇ ਨਿਯੁਕਤ ਕੀਤੇ ਗਏ ਡਾਇਰੈਕਟਰਾਂ ’ਚੋਂ ਇੱਕ ਅਧਿਕਾਰੀ ਧਰਮਿੰਦਰ ਸਿੰਘ ਸੰਧੂ ਅਤੇ ਕੰਪਨੀ ਦੇ ਗੈਰ ਕਾਨੂੰਨੀ ਡਾਇਰੈਕਟਰਾਂ ਦੀ ਨਿਯੁਕਤੀ ਨਾਲ ਸਬੰਧਤ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ ਵਾਲੇ ਸੀਏ ਜਸਵਿੰਦਰ ਸਿੰਘ ਡਾਂਗ ਨੂੰ ਇਸੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…