
ਕਿਸਾਨੀ ਸੰਘਰਸ਼: ਵੱਡੀ ਗਿਣਤੀ ਵਿੱਚ ਧਰਨੇ ’ਚ ਪਹੁੰਚੇ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਮੈਂਬਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਦੇਸ਼ ਦੇ ਵੱਖ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਹਰ ਵਰਗ ਦੇ ਲੋਕਾਂ ਨੂੰ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੁੱਧ ਧਰਨੇ ਦੇਣ ਦਾ ਸੱਦਾ ਦਿੱਤਾ ਗਿਆ ਸੀ। ਇਸੇ ਸਬੰਧ ਵਿਚ ਅੱਜ ਇਕ ਵਿਸ਼ਾਲ ਧਰਨਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਅੱਗੇ ਦਿੱਤਾ ਗਿਆ ਜਿਸ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਅਤੇ ਅੰਤਰਰਾਸ਼ਟਰੀ ਪੁਆਧੀ ਮੰਚ ਵਲੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲੁਆਈ ਗਈ। ਅੰਤਰਰਾਸ਼ਟਰੀ ਪੁਆਧੀ ਮੰਚ ਦੀ ਮੁੱਖ ਸਲਾਹਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਦਿੱਤੇ ਸੱਦੇ ਵਿੱਚ ਆਪਣੇ ਵੱਲੋਂ ਤਿਲ ਫੁੱਲ ਭੇਟਾ ਕਰਨ ਦੇ ਲਈ ਅੱਜ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਲ ਹੋਏ।
ਉਨ੍ਹਾਂ ਦੱਸਿਆ ਕਿ 26 ਨਵੰਬਰ ਤੋਂ ਹੀ ਦਿੱਲੀ ਵਿਖੇ ਕਿਸਾਨਾਂ ਲਈ ਲੰਗਰ ਲਗਾ ਰਹੇ ਯੂਥ ਆਫ ਪੰਜਾਬ ਦੇ ਚੇਅਰਮੈਨ ਅਤੇ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਪ੍ਰਮੁੱਖ ਅਹੁਦੇਦਾਰ ਪਰਮਦੀਪ ਸਿੰਘ ਬੈਦਵਾਨ, ਗੁਰਪ੍ਰੀਤ ਸਿੰਘ ਨਿਆਮੀਆਂ, ਪਰਵਿੰਦਰ ਸਿੰਘ ਸੋਹਾਣਾ, ਗੁਰਿੰਦਰ ਸਿੰਘ ਕੈਰੋਂ ਅਤੇ ਹੋਰ ਪੁਆਧੀ ਕਿਸਾਨ ਪ੍ਰੇਮੀ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਪੁਆਧੀ ਮੰਚ ਪੂਰੀ ਤਰ੍ਹਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਹਰ ਤਰ੍ਹਾਂ ਦੀ ਸੇਵਾ ਲਈ ਤਿਆਰ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਇਕ ਵਫ਼ਦ ਦਿੱਲੀ ਵਿਖੇ ਵੀ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਆਉਂਦੇ ਕੁਝ ਦਿਨਾਂ ਵਿਚ ਵਫ਼ਦ ਵੱਲੋਂ ਦੁਬਾਰਾ ਫਿਰ ਦਿੱਲੀ ਵਾਲੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਇਕ ਪਾਸੇ ਕਿਸਾਨਾਂ ਨਾਲ ਗੱਲਬਾਤ ਦਾ ਨਾਟਕ ਕਰਨ ਅਤੇ ਦੂਜੇ ਪਾਸੇ ਪਾਰਟੀ ਦੇ ਅਹੁਦੇਦਾਰਾਂ ਸੰਸਦਾਂ ਅਤੇ ਮੰਤਰੀਆਂ ਨੂੰ ਬਿਲਾਂ ਦੇ ਚੰਗੇ ਹੋਣ ਬਾਰੇ ਕਿਸਾਨਾਂ ਨੂੰ ਇਹ ਗੱਲ ਸਮਝਾਉਣ ਲਈ ਸਮਾਨੰਤਰ ਮੀਟਿੰਗਾਂ ਦਾ ਦੌਰ ਚਲਾਉਣ ਦੀ ਨਿੰਦਾ ਕੀਤੀ।
ਬੀਬੀ ਲਾਂਡਰਾਂ ਅਤੇ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਕੇਂਦਰ ਸਰਕਾਰ ਬਿਲਕੁਲ ਕੋਝੀਆਂ ਹਰਕਤਾਂ ਤੇ ਉਤਰ ਆਈ ਹੈ ਅਤੇ ਆਪਣੀ ਪਾਰਟੀ ਦੇ ਬੰਦਿਆਂ ਨੂੰ ਹੀ ਕਿਸਾਨਾਂ ਵਜੋਂ ਦਰਸਾ ਕੇ ਬਿਲਾਂ ਦੇ ਚੰਗੇ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਜੋ ਕਿ ਕਿਸੇ ਵੀ ਸਮਾਜ ਲਈ ਚੰਗੀ ਗੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਹੀ ਝੂਠ ਬੋਲਣ ਲੱਗ ਜਾਵੇ ਤਾਂ ਪਰਜਾ ਦਾ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਲੋਕ ਆਪ ਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਧਰਨੇ ਤੇ ਬੈਠੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਹਰ ਹਾਲਤ ਵਿੱਚ ਜਿੱਤ ਹਾਸਲ ਕਰਕੇ ਵਾਪਸ ਪਰਤਣਗੇ।
ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਅੱਜ ਅਤਿ ਦੀ ਸਰਦੀ ਦੇ ਵਿੱਚ ਜੋ ਕਿਸਾਨ ਆਪਣੇ ਹੱਕਾਂ ਲਈ ਧਰਨੇ ਤੇ ਬੈਠੇ ਹਨ ਉਨ੍ਹਾਂ ਦੀ ਥਾਂ ਤੇ ਉਨ੍ਹਾਂ ਲੀਡਰਾਂ ਨੂੰ ਬੈਠਣਾ ਚਾਹੀਦਾ ਸੀ ਜੋ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਸੱਤਾ ਦਾ ਸੁਖ ਮਾਣਦੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਹ ਲੀਡਰ ਲੋਕਾਂ ਦੇ ਦੁੱਖ ਸੁੱਖ ਵਿੱਚ ਹੀ ਨਹੀਂ ਛੱਡ ਰਹੇ ਤਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਨੂੰ ਮੂੰਹ ਨਾ ਲਾਉਣ।