ਪੈਨਸ਼ਨਰ ਦਿਵਸ ਮੌਕੇ ਸਰਕਾਰ ਦੀ ਨਵੀਂ ਪੈਨਸ਼ਨ ਨੀਤੀ ਦੇ ਖਤਰਨਾਕ ਸਿੱਟਿਆਂ ਬਾਰੇ ਕੀਤੀ ਚਰਚਾ

ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਵੱਲੋਂ ਉੱਘੀਆਂ ਹਸਤੀਆਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ:
ਇੱਥੋਂ ਦੇ ਪ੍ਰਾਚੀਨ ਕਲਾ ਕੇਂਦਰ ਵਿਖੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ) ਐਸ.ਏ.ਐਸ. ਨਗਰ ਵੱਲੋਂ ਪੈਨਸ਼ਨਰ ਦਿਵਸ ਬੜੀ ਧੂਮਧਾਮ ਮਨਾਇਆ ਗਿਆ। ਇਸ ਮੌਕੇ 80 ਸਾਲ ਦੀ ਉਮਰ ਤੋਂ ਵੱਧ ਸੇਵਾ ਮੁਕਤ ਅਧਿਕਾਰੀਆਂ ਤੇ ਮੁਲਾਜ਼ਮਾਂ ਸਿੱਖਿਆ ਵਿਭਾਗ ਤੋਂ ਲਾਭ ਸਿੰਘ ਤੇ ਹਰਜਿੰਦਰ ਸਿੰਘ ਸੰਧੂ, ਸਿਵਲ ਸਕੱਤਰੇਤ ਤੋਂ ਅਜੀਤ ਸਿੰਘ ਸੋਢੀ, ਪੰਚਾਇਤ ਵਿਭਾਗ ’ਚੋਂ ਬਲਦੇਵ ਸਿੰਘ ਢਿੱਲੋਂ ਅਤੇ ਭੂਮੀ ਰੱਖਿਆ ਵਿਭਾਗ ਤੋਂ ਬਲਦੇਵ ਸਿੰਘ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਤ ਕੀਤਾ। ਇਨ੍ਹਾਂ ਆਗੂਆਂ ਨੇ ਡਿਊਟੀ ’ਤੇ ਰਹਿੰਦੀਆਂ ਹਮੇਸ਼ਾਂ ਹੀ ਮੁਲਾਜ਼ਮਾਂ ਦੇ ਹੱਕਾਂ ਲਈ ਲੜਾਈਆਂ ਲੜੀਆਂ ਹਨ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਅਮਰਜੀਤ ਸਿੰਘ ਖਹਿਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸੰਸਥਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਆਪਣੇ ਸੇਵਾ ਮੁਕਤ ਸਾਥੀਆਂ ਨੂੰ ਵਧੀਆ ਢੰਗ ਨਾਲ ਜਿੰਦਗੀ ਜਿਊਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਆਪਣੇ ਹੱਕਾਂ ਬਾਰੇ ਜੂਝਣ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਨੇ ਕੈਸ਼-ਲੈਸ ਸਕੀਮ ਦੇ ਲਾਭ ਅਤੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਮੰਨੀਆਂ ਮੰਗਾਂ ਲਾਗੂ ਨਾ ਕਰਕੇ ਸੇਵਾ ਮੁਕਤ ਕਰਮਚਾਰੀਆਂ ਨਾਲ ਧਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਸੋਸੀਏਸ਼ਨ, ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰਸ਼ਨ (ਪਰਵਾਨਾ) ਨਾਲ ਮਿਲ ਕੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਵਾਉਣ ਲਈ ਹੋਰ ਤਿੱਖਾ ਸੰਘਰਸ਼ ਕਰੇਗੀ।
ਉੱਘੇ ਟਰੇਡ ਯੂਨੀਅਨ ਆਗੂ ਤੇ ਸੰਪਾਦਕ ਵਰਗ-ਚੇਤਨਾ ਸ੍ਰੀ ਯਸ਼ਪਾਲ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਪਰਦਾਫਾਸ ਕਰਦਿਆਂ ਪੈਨਸ਼ਨਰ ਦਿਵਸ ਦੀ ਮਹੱਤਤਾ ਅਤੇ ਸਰਕਾਰ ਦੀ ਨਵੀਂ ਪੈਨਸ਼ਨ ਨੀਤੀ ਦੇ ਖਤਰਨਾਕ ਸਿੱਟਿਆ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ 17 ਦਸੰਬਰ 1982 ਡੀ.ਐਸ. ਨਾਕੜਾ ਦੇ ਇੱਕ ਮਹੱਤਵ ਪੂਰਨ ਕੇਸ ਵਿੱਚ ਪੈਨਸ਼ਨਰੀ ਲਾਭਾਂ ਨੂੰ ਸੰਵਿਧਾਨਕ ਘੋਸ਼ਿਤ ਕਰਨ ਲਈ ਇੱਕ ਇਤਿਹਾਸਕ ਫੈਸਲਾ ਭਾਰਤ ਦੀ ਸਰਵ ਉੱਚ ਅਦਾਲਤ ਦੇ ਇਕ ਸੰਵਿਧਾਨਕ ਬੈਂਚ ਨੇ ਤਤਕਾਲੀ ਚੀਫ਼ ਜਸਟਿਸ ਵਾਈ.ਬੀ. ਚੰਦਰਗੜ੍ਹ ਦੀ ਅਗਵਾਈ ਹੇਠ ਸੁਣਾਇਆ ਜੋ ਮੁਲਾਜ਼ਮਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਉਸ ਦਿਨ ਤੋਂ ਇਹ ਦਿਨ ਪੈਨਸ਼ਨਰ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਸਟੇਜ ਦੀ ਕਾਰਵਾਈ ਸੁੱਚਜੇ ਢੰਗ ਨਾਲ ਚਲਾਈ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਵੀ ਹੋਵੇ, ਭਾਵੇ ਉਹ ਚਿੱਟੇ ਬਾਣੇ ਵਿੱਚ ਹੋਵੇ ਜਾਂ ਭਗਵੇਂ ਵਿੱਚ ਜਾਂ ਨੀਲੇ ਵਿੱਚ ਮੰਗਾਂ ਮੰਨਵਾਉਣ ਲਈ ਮੁਲਾਜ਼ਮਾਂ/ਪੈਨਸ਼ਨਰਜ਼ ਨੂੰ ਆਪਣੇ ਹੱਕਾਂ ਲਈ ਜੂਝਣਾ ਹੀ ਪੈਂਦਾ ਹੈ। ਅਖੀਰ ਵਿੱਚ ਕਲਾ ਕੇਂਦਰ ਦੀ ਇੰਚਾਰਜ ਸ਼ਮੀਰਾ ਕੌਸਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿੱਤ ਸਕੱਤਰ ਜਸਵੰਤ ਸਿੰਘ ਬਾਗੜੀ, ਮੀਤ ਪ੍ਰਧਾਨ ਜਸਮੇਰ ਸਿੰਘ ਬਾਠ ਤੇ ਭੁਪਿੰਦਰ ਮਾਨ ਸਿੰਘ ਢੱਲ, ਜਥੇਬੰਦਕ ਸਕੱਤਰ ਹਰਵਿੰਦਰ ਸਿੰਘ ਸੈਣੀ। ਮੁੱਖ ਸਲਾਹਕਾਰ ਜਰਨੈਲ ਸਿੰਘ ਕਰਾਂਤੀ, ਐਡੀਟਰ ਗਿਆਨ ਸਿੰਘ ਰਾਜਲ, ਖਰੜ ਯੂਨਿਟ ਦੇ ਪ੍ਰਧਾਨ ਬਲਬੀਰ ਸਿੰਘ ਧਾਨੀਆ, ਯਾਦਵਿੰਦਰ ਸਿੰਘ, ਬਲਦੇਵ ਸਿੰਘ ਢਿੱਲੋਂ, ਸੀਸਪਾਲ, ਉਦੈ ਸਿੰਘ, ਰਘਬੀਰ ਸਿੰਘ, ਜੈ ਸਿੰਘ ਸੈਹਬੀ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…