
ਪੰਜਾਬ ਦੀ ‘ਆਪ’ ਸਰਕਾਰ ਵਿਰੁੱਧ ਗਰਜੇ ਪੈਨਸ਼ਨਰਜ਼
ਮੁਹਾਲੀ ਦੇ ਫੇਜ਼-8 ਵਿੱਚ ਪੈਨਸ਼ਨਰਾਂ ਨੇ ਕੀਤੀ ਸੂਬਾ ਪੱਧਰੀ ਮਹਾ ਰੈਲੀ
ਨਬਜ਼-ਏ-ਪੰਜਾਬ, ਮੁਹਾਲੀ, 24 ਮਾਰਚ:
ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਫ਼ੈਸਲੇ ਮੁਤਾਬਕ ਪੰਜਾਬ ਗੌਰਮਿੰਟ ਪੈਨਸ਼ਨਰਜ਼ ਸੰਯੁਕਤ ਫ਼ਰੰਟ ਵੱਲੋਂ ਅੱਜ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੇੜੇ ਸੂਬਾ ਸਰਕਾਰ ਖ਼ਿਲਾਫ਼ ਮਹਾ-ਰੈਲੀ ਕੀਤੀ ਗਈ। ਅੱਜ ਸਵੇਰੇ 10 ਵਜੇ ਪੰਜਾਬ ਭਰ ’ਚੋਂ ਪੈਨਸ਼ਨਰਜ਼ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੁਪਹਿਰ 12 ਵਜੇ ਤੱਕ ਵੱਡੀ ਭੀੜ ਜਮਾ ਹੋ ਗਈ। ਰੈਲੀ ਦੀ ਅਗਵਾਈ ਸੂਬਾ ਕਨਵੀਨਰ ਅਵਿਨਾਸ਼ ਸ਼ਰਮਾ, ਹਰਜੀਤ ਸਿੰਘ ਪਠਾਣ ਮਾਜਰਾ, ਡਾ. ਐਨਕੇ ਕਲਸੀ, ਦਲੀਪ ਸਿੰਘ ਲਾਂਬਾ, ਸਤਵਿੰਦਰਪਾਲ ਸਿੰਘ ਮੋਲੋਵਾਲੀ ਨੇ ਕੀਤੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਜ਼ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਯਕਮੁਕਤ ਬਕਾਇਆ ਦੇਣ ਸਬੰਧੀ ਬਜਟ ਵਿੱਚ ਤਜਵੀਜ਼ ਨਾ ਰੱਖੀ ਗਈ ਤਾਂ ਭਵਿੱਖ ਵਿੱਚ ਆਰ-ਪਾਰ ਦੀ ਲੜਾਈ ਦਾ ਵੀਲ ਵਜਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦੌਰਾਨ ਸਰਕਾਰ ਵੱਲੋਂ ਕੀਤੇ ਗਏ ਜਬਰ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਗਿਆ।
ਸਟੇਜ ਸਕੱਤਰ ਧਨਵੰਤ ਸਿੰਘ ਭੱਠਲ ਨੇ ਦੱਸਿਆ ਕਿ ਰੈਲੀ ਵਿੱਚ ਸਾਂਝੇ ਫਰੰਟ ਵੱਲੋਂ ਬਾਜ਼ ਸਿੰਘ ਖਹਿਰਾ, ਸਤੀਸ਼ ਰਾਣਾ, ਗਗਨਦੀਪ ਸਿੰਘ ਭੁੱਲਰ, ਐਨਡੀ ਤਿਵਾੜੀ ਨੇ ਵੀ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 2016 ਤੋਂ ਪਹਿਲਾਂ ਦੇ ਸੇਵਾਮੁਕਤ ਪੈਨਸ਼ਨਰਜ਼ ਨੂੰ 2.59 ਦਾ ਫੈਕਟਰ ਦੇਣਾ, 1.1.2016 ਤੋਂ 30.6.2016 ਤੱਕ ਦਾ ਬਕਾਇਆ ਯਕਮੁਕਤ ਜਾਰੀ ਕਰਨਾ, ਡੀਏ ਦੀਆਂ ਬਕਾਇਆ ਕਿਸ਼ਤਾਂ ਅਤੇ ਹੋਰ ਬਕਾਏ ਜਾਰੀ ਕਰਨਾ ਅਤੇ ਕੈਸਲੈਸ ਸਕੀਮ ਲਾਗੂ ਕਰਨਾ ਅਤੇ ਮੈਡੀਕਲ ਭੱਤੇ ਵਿਚ ਵਾਧਾ ਕਰਨ ਦੀ ਮੰਗ ਕੀਤੀ।
ਬੁਲਾਰਿਆਂ ਨੇ ਪੈਨਸ਼ਨਰਾਂ ਨੂੰ ਇੱਕਮੁੱਠ ਹੋਣ ਅਤੇ ਭਵਿੱਖ ਵਿੱਚ ਹੋਣ ਵਾਲੇ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਦੌਰਾਨ ਜਿਵੇਂ ਹੀ ਮੰਚ ਤੋਂ ਵਿਧਾਨ ਸਭਾ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਤਾਂ ਐਸਡੀਐਮ ਨੇ ਰੈਲੀ ਸਥਾਨ ’ਤੇ ਪਹੁੰਚ ਕੇ ਪੈਨਸ਼ਨਰਾਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਉਨ੍ਹਾਂ ਦੀ ਪੰਜਾਬ ਸਰਕਾਰ ਨਾਲ ਜਲਦੀ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।

ਇਸ ਮੌਕੇ ਗੁਰਮੇਲ ਸਿੰਘ ਮੌਜੋਵਾਲ, ਕੁਲਵਰਨ ਸਿੰਘ ਹੁਸ਼ਿਆਰਪੁਰ, ਬਖ਼ਸ਼ੀਸ਼ ਸਿੰਘ ਬਰਨਾਲਾ, ਸੁਰਿੰਦਰ ਕੁੱਸਾ, ਸ਼ਿਵ ਕੁਮਾਰ ਤਿਵਾੜੀ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਨਾਗਰਾ, ਸੁਖਦੇਵ ਸਿੰਘ, ਬਿੱਕਰ ਸਿੰਘ, ਨਿਰਮਲ ਸਿੰਘ ਲਲਤੋਂ, ਸਿਕੰਦਰ ਸਿੰਘ ਸਮਰਾਲਾ, ਜੁਗਿੰਦਰ ਸਿੰਘ ਮੱਲਣ, ਅਮਰਜੀਤ ਸਿੱਧੂ, ਸਿੰਦਰ ਸਿੰਘ ਧੌਲਾ, ਪਿਆਰਾ ਲਾਲ, ਦੇਵ ਰਾਜ, ਹਰਚੰਦ ਸਿੰਘ ਪੰਜੌਲੀ, ਹਰਭਜਨ ਸਿੰਘ ਖੁੰਗਰ, ਸਿਕੰਦਰ ਸਿੰਘ ਮਾਨਸਾ, ਕੁਲਦੀਪ ਸਿੰਘ ਦੌੜਕਾ, ਸਤਵੰਤ ਕੌਰ ਜੌਹਲ, ਦਲੀਪ ਸਿੰਘ, ਸੁਬੇਗ ਸਿੰਘ ਅਤੇ ਦਰਸ਼ਨ ਸਿੰਘ ਕਟਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।