
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਪੈਨਸ਼ਨਰਜ਼ ਦਿਵਸ ਮਨਾਇਆ, ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਵੱਲੋਂ ਅੱਜ ਇੱਥੇ ਪੈਨਸ਼ਨਰਜ਼ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਭਾਰੀ ਗਿਣਤੀ ਵਿੱਚ ਪੁੱਜੇ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਨੂੰ ਪੈਨਸ਼ਨਰਜ਼ ਵਿਰੋਧੀ ਦੱਸਿਆ। ਐਸੋਸੀਏਸ਼ਨ ਜਨਰਲ ਸਕੱਤਰ ਜਗਦੀਸ਼ ਸਿੰਘ ਸਰਾਓ ਨੇ ਸੁਚੱਜੇ ਢੰਗ ਨਾਲ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਰਕਾਰ ਪੈਨਸ਼ਨਰਜ਼ ਨਾਲ ਕੀਤੇ ਵਾਅਦੇ ਤੋਂ ਭੱਜੀ ਹੈ। ਪੇ-ਕਮਿਸ਼ਨ, ਵਿੱਤ ਵਿਭਾਗ ਅਤੇ ਮੰਤਰੀ ਮੰਡਲ ਵੱਲੋਂ ਪੈਨਸ਼ਨ ਸੋਧ ਫੈਕਟਰ 2.59 ਪ੍ਰਵਾਨ ਕੀਤਾ ਗਿਆ ਸੀ ਲੇਕਿਨ ਵਿੱਤ ਵਿਭਾਗ ਵੱਲੋਂ 29-10-21 ਨੂੰ ਜਾਰੀ ਨੋਟੀਫ਼ਿਕੇਸ਼ਨ ਵਿੱਚ 113% ਅਤੇ 15% ਵਾਧੇ ਵਾਲਾ ਮਨਘੜਤ ਫਾਰਮੂਲਾ ਵਿੱਤ ਸਕੱਤਰ ਅਤੇ ਵਿੱਤ ਮੰਤਰੀ ਵੱਲੋਂ ਪੈਨਸ਼ਨਰਾਂ ਨੂੰ ਦੇ ਕੇ ਘੋਰ ਬੇਇਨਸਾਫ਼ੀ ਕੀਤੀ ਹੈ। ਜੋ ਕਿ ਬਰਦਾਸ਼ਤ ਤੋਂ ਬਾਹਰ ਹੈ।
ਇਸ ਮੌਕੇ ਬੋਲਦਿਆਂ ਪ੍ਰਧਾਨ ਕਰਮ ਸਿੰਘ ਧਨੋਆ ਵੱਲੋਂ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨ ਵਿਰੋਧੀ ਨੀਤੀਆਂ ਉਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ 19-12-21 ਦੀ ਵੰਗਾਰ ਰੈਲੀ ਜੋ ਕਿ ਖਰੜ ਵਿੱਚ ਹੋ ਰਹੀ ਹੈ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਣਗੇ। ਇਸ ਮੌਕੇ ਨਵੀਨ ਕੁਮਾਰ ਨੇ ਬੈਂਕ ਵੱਲੋਂ ਪੈਨਸ਼ਨਰਜ਼ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ। ਪ੍ਰੋਫੈਸਰ ਮਨਜੀਤ ਸਿੰਘ, ਮਨਮੋਹਨ ਸਿੰਘ ਦਾਊਂ, ਕੌਂਸਲਰ ਸੁੱਚਾ ਸਿੰਘ ਕਲੌੜ, ਪ੍ਰੇਮ ਸਿੰਘ ਗੁਰਦਾਸਪੁਰੀ, ਹਜ਼ਾਰਾ ਸਿੰਘ ਚੀਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਨਵੀਨ ਕੁਮਾਰ, ਪ੍ਰੋਫੈਸਰ ਮਨਜੀਤ ਸਿੰਘ, ਉੱਘੇ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਵਿਨੋਦ ਕੁਮਾਰ, ਪ੍ਰੇਮ ਸਿੰਘ ਗੁਰਦਾਸਪੁਰੀ, ਸੁੱਚਾ ਸਿੰਘ ਕਲੌੜ ਸ਼ਾਮਲ ਹਨ। ਇਸ ਮੌਕੇ ਬਾਬੂ ਸਿੰਘ, ਬਲਬੀਰ ਸਿੰਘ ਧਾਨੀਆ, ਗੁਰਮੇਲ ਸਿੰਘ ਸਿੱਧੂ, ਰਾਜ ਕੁਮਾਰ, ਗੁਰਦੀਪ ਸਿੰਘ, ਨਰਿੰਦਰ ਸਿੰਘ ਜਵਾਹਰਪੁਰ, ਜਸਵੰਤ ਸਿੰਘ ਬਾਗੜੀ, ਮਲਾਗਰ ਸਿੰਘ, ਉਜਾਗਰ ਸਿੰਘ, ਰਾਮ ਕਿਸ਼ਨ ਅਤੇ ਹਰਪਾਲ ਸਿੰਘ ਵੀ ਮੌਜੂਦ ਸਨ।