45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਅਪਰੈਲ ਮਹੀਨੇ ਵਿੱਚ ਟੀਕਾਕਰਨ ਕੀਤਾ ਜਾਵੇ, ਮੁੱਖ ਸਕੱਤਰ ਨੇ ਦਿੱਤੇ ਨਿਰਦੇਸ਼

ਡਿਪਟੀ ਕਮਿਸ਼ਨਰਾਂ ਨੂੰ ਪ੍ਰਤੀ ਦਿਨ 60,000 ਕੋਵਿਡ ਟੈਸਟ ਕਰਨ ਦੀ ਕੀਤੀ ਹਦਾਇਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਅਪਰੈਲ:
ਪੰਜਾਬ ਵਿੱਚ ਕੋਵਿਡ ਦੇ ਮੁੜ੍ਹ ਉਭਾਰ ਨੂੰ ਰੋਕਣ ਦੇ ਉਦੇਸ਼ ਨਾਲ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਸਿਹਤ ਵਿਭਾਗ ਨੂੰ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਇਸੇ ਮਹੀਨੇ ਦੇ ਅੰਦਰ-ਅੰਦਰ ਟੀਕਾਕਰਨ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਰੇਕ ਜ਼ਿਲ੍ਹੇ ਦੇ ਇੰਚਾਰਜ ਪ੍ਰਬੰਧਕੀ ਸਕੱਤਰਾਂ ਨੂੰ ਯੋਜਨਾਬੰਦੀ ਅਤੇ ਰਿਸਪਾਂਸ ਸਿਸਟਮ ਦੀ ਨਜ਼ਰਸਾਨੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਇੱਥੇ ਸੂਬੇ ਵਿੱਚ ਕੋਵਿਡ ਟੀਕਾਕਰਨ ਅਤੇ ਪ੍ਰਬੰਧਨ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਮੂਹ ਡਿਪਟੀ ਕਮਿਸ਼ਨਰਾਂ, ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਮੌਤ ਦਰ ਨੂੰ ਘਟਾਉਣ ਅਤੇ ਸੰਪਰਕ ਟਰੇਸਿੰਗ ਵਧਾਉਣ, ਟੈਸਟਿੰਗ ਵਧਾਉਣ ਦੇ ਨਾਲ-ਨਾਲ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਯਤਨ ਕਰਨ ਦੀ ਹਦਾਇਤ ਕੀਤੀ ਤਾਂ ਜੋ ਪੰਜਾਬ ਨੂੰ ਕੋਵਿਡ ਦੀ ਮੌਜੂਦਾ ਨਾਜ਼ੁਕ ਸਥਿਤੀ ’ਚੋਂ ਬਾਹਰ ਕੱਢਿਆ ਜਾ ਸਕੇ।
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਕੋਵਿਡ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਕੋਵਿਡ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪਿਛਲੇ ਹਫ਼ਤੇ ਪੰਜਾਬ ਵਿੱਚ ਕੋਵਿਡ ਦੇ ਕੇਸ ਬੜੀ ਦੀ ਤੇਜੀ ਨਾਲ ਵਧੇ ਹਨ। ਉਨ੍ਹਾਂ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਬਹੁਤੇ ਲੋਕ ਹਾਲੇ ਵੀ ਸਮਾਜਿਕ, ਰਾਜਸੀ ਅਤੇ ਧਾਰਮਿਕ ਇਕੱਠਾਂ ਦੌਰਾਨ ਮਾਸਕ ਨਹੀਂ ਪਹਿਨ ਰਹੇ ਜਿਸ ਕਾਰਨ ਸੂਬੇ ਵਿਚ ਕੋਵਿਡ ਸਥਿਤੀ ਹੋਰ ਵੀ ਖਤਰਨਾਕ ਬਣ ਸਕਦੀ ਹੈ।
ਡੀਸੀ, ਸੀਪੀ, ਐਸਐਸਪੀਜ਼ ਅਤੇ ਸਿਵਲ ਸਰਜਨਾਂ ਤੋਂ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਸਕੱਤਰ ਨੂੰ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ ਲਗਭਗ 10 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਆਉਂਦੇ ਦੋ ਹਫ਼ਤਿਆਂ ਦੌਰਾਨ ਸੂਬੇ ਵਿੱਚ 32 ਲੱਖ ਨਾਗਰਿਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ। ਉਨ੍ਹਾਂ ਸੂਬੇ ਦੇ ਸਰਕਾਰੀ ਅਮਲੇ ਨੂੰ ਹਦਾਇਤ ਕੀਤੀ ਕਿ ਟੈਸਟਿੰਗ ਸਮਰੱਥਾ ਨੂੰ ਪ੍ਰਤੀ ਦਿਨ 60,000 ਤੱਕ ਪਹੁੰਚਾਇਆ ਜਾਵੇ ਤਾਂ ਜੋ ਕੋਵਿਡ ਦੀ ਸਥਿਤੀ ‘ਤੇ ਸਮੇਂ ਸਿਰ ਕਾਬੂ ਪਾਇਆ ਜਾ ਸਕੇ।
ਸ੍ਰੀਮਤੀ ਮਹਾਜਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਦੇ ਨਮੂਨਿਆਂ ਨੂੰ ਜਲਦੀ ਤੋਂ ਜਲਦੀ ਇਕੱਤਰ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਨਤੀਜੇ ਉਪਲਬਧ ਕਰਵਾਏ ਜਾਣ ਤਾਂ ਜੋ ਪਾਜ਼ੇਟਿਵ ਮਰੀਜ਼ ਖ਼ੁਦ ਨੂੰ ਤੁਰੰਤ ਕੁਆਰਨਟੀਨ ਕਰ ਸਕਣ। ਉਨ੍ਹਾਂ ਇੱਛਾ ਪ੍ਰਗਟਾਈ ਕਿ ਡਾਕਟਰਾਂ ਅਤੇ ਸਿਹਤ ਕਰਮਚਾਰੀ ਆਈਸੋਲੇਟ ਕੀਤੇ ਮਰੀਜ਼ਾਂ ਨੂੰ ਨਿੱਜੀ ਤੌਰ ਤੇ ਮਿਲਣ ਅਤੇ ਮਰੀਜ਼ਾਂ ਨੂੰ ਲੋੜੀਂਦੀ ਦਵਾਈ ਜਾਂ ਅਗਲੇਰੀ ਜਾਂਚ ਸਬੰਧੀ ਢੁਕਵੀਂ ਸੇਧ ਦਿੱਤੀ ਜਾਵੇ। ਉਨ੍ਹਾਂ ਡਾਕਟਰਾਂ ਨੂੰ ਇਸ ਮੁਸ਼ਕਲ ਘੜੀ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ।
ਮੁੱਖ ਸਕੱਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਸਿਵਲ ਸੁਸਾਇਟੀ ਸਮੂਹਾਂ ਨੂੰ ਵੈਕਸੀਨੇਸ਼ਨ ਮੁਹਿੰਮ ਵਿੱਚ ਹਿੱਸਾ ਲੈਣ ਖ਼ਾਤਰ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਲੋਕ ਬਿਨਾਂ ਕਿਸੇ ਝਿਜਕ ਦੇ ਵੈਕਸੀਨ ਲਵਾਉਣ ਲਈ ਅੱਗੇ ਆ ਸਕਣ। ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਕੋਵਿਡ ਟੈਸਟਿੰਗ ਵਿੱਚ ਵਾਧਾ ਕਰਨ ਲਈ ਨਮੂਨਿਆਂ ਨੂੰ ਦਿਨ ਵਿੱਚ ਤਿੰਨ ਵਾਰ ਲੈਬਾਂ ਵਿੱਚ ਭੇਜਿਆ ਜਾਵੇ ਅਤੇ ਟੈਸਟਾਂ ਦੇ ਨਤੀਜੇ ਮਰੀਜ਼ਾਂ ਨੂੰ ਜਲਦੀ ਉਪਲਬਧ ਕਰਵਾਏ ਜਾਣ।
ਕੋਵਿਡ ਪ੍ਰਬੰਧਨ, ਟੈਸਟਿੰਗ, ਟਰੇਸਿੰਗ ਅਤੇ ਟੀਕਾਕਰਨ ਬਾਰੇ ਸੂਬੇ ਦੀ ਰਣਨੀਤੀ ਪੇਸ਼ ਕਰਦਿਆਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਮੂਨੇ ਅਤੇ ਟੀਕਾਕਰਨ ਸਬੰਧੀ ਵੇਰਵਿਆਂ ਨੂੰ ਰੀਅਲ ਟਾਈਮ ਅਧਾਰ ’ਤੇ ਅਪਲੋਡ ਕਰਨ ਅਤੇ ਲਾਭਪਾਤਰੀਆਂ ਨੂੰ ਫੋਨਾਂ ਤੇ ਸੁਨੇਹਾ ਭੇਜਿਆ ਜਾਵੇ ਤਾਂ ਜੋ ਉਹ ਸਮੇਂ ਸਿਰ ਟੀਕਾਕਰਨ ਵਾਲੀਆਂ ਥਾਵਾਂ ਤੇ ਪਹੁੰਚ ਸਕਣ। ਉਨ੍ਹਾਂ ਕੋਵਿਡ ਖਿਲਾਫ ਲੜਾਈ ਜਿੱਤਣ ਲਈ ਛੇ ਆਧਾਰਾਂ ਦਾ ਵਿਖਿਆਨ ਕੀਤਾ ਜਿਸ ਵਿੱਚ ਰੋਕਥਾਮ ਅਤੇ ਨਿਗਰਾਨੀ, ਟੈਸਟਿੰਗ, ਇਲਾਜ, ਟੀਕਾਕਰਨ, ਨਾਗਰਿਕ ਸੰਚਾਰ ਅਤੇ ਜਾਣਕਾਰੀ ਪ੍ਰਬੰਧਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਦੀ ਇਸ ਦੂਜੀ ਲਹਿਰ ਵਿੱਚ ਪੰਜਾਬ ਵਿੱਚ ਲਗਭਗ 80 ਫੀਸਦ ਕੋਵਿਡ ਕੇਸ ਯੂਕੇ ਦੇ ਸਟ੍ਰੇਨ ਵਾਲੇ ਪਾਏ ਗਏ ਹਨ।
ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲੀਸ ਕਰਮਚਾਰੀਆਂ ਵੱਲੋਂ ਹੁਣ ਤੱਕ ਲਗਭਗ ਡੇਢ ਲੱਖ ਆਰਟੀ-ਪੀਸੀਆਰ ਟੈਸਟ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਪੁਲੀਸ ਦੀਆਂ ਦੋ ਬਟਾਲੀਅਨਾਂ ਦੀ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਦਿੱਤੀ ਗਈ ਹੈ ਅਤੇ 74 ਫੀਸਦੀ ਪੁਲਿਸ ਕਰਮੀ ਪਹਿਲਾਂ ਹੀ ਇਹ ਟੀਕਾ ਲਗਵਾ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਹਾਲਾਤ ਆਮ ਬਣਨ ਤੱਕ ਹੋਟਲ ਅਤੇ ਰੈਸਟੋਰੈਂਟਾਂ ਵਿਚ ਪਾਰਟੀਆਂ ਲਈ ਇਕੱਠ ਨਾ ਕੀਤਾ ਜਾਵੇ।

Load More Related Articles
Load More By Nabaz-e-Punjab
Load More In Awareness/Campaigns

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …