ਕੈਪਟਨ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਲੋਕ ਰੋਹ ਕਾਰਨ ਕਾਂਗਰਸ ਦੇ ਪੈਰਾਂ ਹੇਠੋਂ ਮਿੱਟੀ ਖਿਸਕੀ: ਚੰਦੂਮਾਜਰਾ

ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੈਕਟਰ-65 ਵਿੱਚ ਆਖਰੀ ਜਨਤਕ ਰੈਲੀ ਨੂੰ ਸੰਬੋਧਨ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਪੰਜਾਬ ਅੰਦਰ ਲੋਕ ਸਭਾ ਦੀ ਚੋਣ ਦੌਰਾਨ ਨਰਿੰਦਰ ਮੋਦੀ ਦੇ ਹੱਕ ਵਿੱਚ ਚੱਲੀ ਲਹਿਰ ਨੇ ਕਾਂਗਰਸ ਪਾਰਟੀ ਦੇ ਪੈਰ ਉਖਾੜ ਦਿੱਤੇ ਹਨ, ਜਿਸ ਕਾਰਨ ਸਾਹਮਣੇ ਵਿਖਾਈ ਦੇ ਰਹੀ ਹਾਰ ਦੀ ਜ਼ਿੰਮੇਵਾਰੀ ਇਕ ਦੂਜੇ ਸਿਰ ਮੜ੍ਹਨ ਲਈ ਕਾਂਗਰਸ ਦੇ ਮੋਹਰੀ ਆਗੂ ਮੇਹਣੋ-ਮੇਹਣੀ ਹੋ ਰਹੇ ਹਨ। ਇਹ ਵਿਚਾਰ ਚੋਣ ਪ੍ਰਚਾਰ ਮੁਹਿੰਮ ਦੀ ਮੁਹਾਲੀ ਦੇ ਸੈਕਟਰ-65 ਵਿੱਚ ਆਖਰੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ ਬੀਜੇਪੀ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਦੀ ਵਾਅਦਾ-ਖ਼ਿਲਾਫ਼ੀ ਵਿਰੁੱਧ ਉੱਭਰੇ ਲੋਕ ਰੋਹ ਨੇ ਕਾਂਗਰਸ ਪਾਰਟੀ ਦੇ ਪੈਰਾਂ ਹੇਠੋਂ ਮਿੱਟੀ ਖਿਸਕਾ ਦਿੱਤੀ ਹੈ, ਜਿਸ ਕਾਰਨ ਪਾਰਟੀ ਹਾਈਕਮਾਂਡ ਨੇ ਕੈਪਟਨ ਦੇ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੇ ਬਿਹਾਰ ਦੇ ਪ੍ਰੋਗਰਾਮ ਰੱਦ ਕਰਕੇ ਉਨ੍ਹਾਂ ਨੂੰ ਪੰਜਾਬ ਅੰਦਰ ਲਿਆਉਣ ਲਈ ਮਜਬੂਰ ਕਰ ਦਿੱਤਾ ਹੈ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਲੋਕਾਂ ਵਲੋਂ ਬੇਮਿਸਾਲ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਭਾਵੇਂ ਜਨਤਕ ਸਭਾਵਾਂ ਰਾਹੀਂ ਚੋਣ ਪ੍ਰਚਾਰ ਬੰਦ ਹੋ ਰਿਹਾ ਹੈ ਪਰ ਹੁਣ ਵਰਕਰਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ 19 ਮਈ ਨੂੰ ਵੋਟਾਂ ਵਾਲੇ ਦਿਨ ਇਕ ਇਕ ਵੋਟ ਭੁਗਤਾਉਣੀ ਬਹੁਤ ਜ਼ਰੂਰੀ ਹੈ। ਅਕਾਲੀ ਆਗੂ ਨੇ ਮਰਹੂਮ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਡੌਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਚੋਣ ਮੁਹਿੰਮ ਦੇ ਐਨ ਆਖਰੀ ਮੌਕੇ ਉਨ੍ਹਾਂ ਦੇ ਪਾਰਟੀ ਸਫ਼ਾਂ ਦੇ ਆਉਣ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਹੈ।
ਪਿਛਲੇ ਪੰਜ ਸਾਲਾਂ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਹਲਕੇ ਵਿਚ ਲਿਆਂਦੇ ਪ੍ਰੋਜੈਕਟਾਂ ਅਤੇ ਲੋਕ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਸਰ ਰਸੂਖ ਨਾਲ ਹਲਕੇ ਵਿਚ ਸਭ ਤੋਂ ਵੱਧ ਕੇਂਦਰੀ ਪ੍ਰੋਜੈਕਟ ਲਿਆਂਦੇ ਹਨ ਜਿਨ੍ਹਾਂ ਵਿਚ ਕੌਮੀ ਸ਼ਾਹ ਰਾਹ, ਨਹਿਰੀ ਪ੍ਰੋਜੈਕਟ, ਲਿਫ਼ਟ ਸਿੰਜਾਈ, ਮੁਹਾਲੀ ਹਵਾਈ ਅੱਡੇ ਨੂੰ ਅਪਗਰੇਡ ਕਰਨਾ ਅਤੇ ਰਸੋਈ ਗੈਸ ਪਾਈਪ ਲਾਈਨ ਦੇ ਪ੍ਰਾਜੈਕਟ ਸ਼ਾਮਲ ਹਨ। ਇਸ ਤੋਂ ਪਹਿਲਾਂ ਮੁਹਾਲੀ ਦੇ ਹਲਕਾ ਇੰਚਾਰਜ ਟੀਪੀਐਸ ਸਿੱਧੂ ਨੇ ਇਲਾਕਾ ਨਿਵਾਸੀਆਂ ਵੱਲੋਂ ਚੰਦੂਮਾਜਰਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਸ ਇਲਾਕੇ ਦੇ ਵੋਟਰ ਪੂਰੇ ਉਤਸ਼ਾਹ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਚੋਣ ਜਲਸੇ ਵਿਚ ਸ਼ਾਮਲ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਤੋਂ ਬਾਅਦ ਚੋਣ ਪ੍ਰਚਾਰ ਦੇ ਇਸ ਉਤਸ਼ਾਹ ਨੂੰ ਇਕੱਲੇ ਇਕੱਲੇ ਵੋਟਰ ਨਾਲ ਮਿਲ ਕੇ ਜਾਂ ਸੰਪਰਕ ਕਰਕੇ ਬਰਕਰਾਰ ਰੱਖਿਆ ਜਾਵੇ।
ਇਸ ਮੌਕੇ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ ਅਤੇ ਬੇਟੀ ਡੌਲੀ, ਬੀਬੀ ਪਰਮਜੀਤ ਕੌਰ ਲਾਂਡਰਾਂ, ਕਰਤਾਰ ਸਿੰਘ ਤਸੰਬਲੀ, ਸਰਕਲ ਪ੍ਰਧਾਨ ਸੰਤੋਖ ਸਿੰਘ, ਕੌਂਸਲਰ ਬੀਬੀ ਕੁਲਦੀਪ ਕੌਰ ਕੰਗ, ਕੌਂਸਲਰ ਹਰਮਨਪ੍ਰੀਤ ਪ੍ਰਿੰਸ, ਬੀਬੀ ਮਨਹੇੜਾ, ਬੀਜੇਪੀ ਆਗੂ ਰਾਕੇਸ਼ ਰਾਣਾ, ਮਦਨ ਗੋਇਲ, ਗੁਰਦੀਪ ਸਿੰਘ ਢਿੱਲੋਂ, ਐਸਐਸ ਵਾਲੀਆ, ਜਰਨੈਲ ਸਿੰਘ, ਬਾਬਾ ਠਾਕੁਰ, ਜਸਵੰਤ ਕੌਰ, ਹਰਵਿੰਦਰ ਕੌਰ ਲਾਂਬਾ, ਹਰਜੀਤ ਸਿੰਘ, ਹਰਪਾਲ ਸਿੰਘ, ਜਸਰਾਜ ਸਿੰਘ ਸੋਨੂੰ ਅਤੇ ਹਰਬੰਸ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…