nabaz-e-punjab.com

ਵਿਸ਼ਵ ਨੇਤਰ ਦਿਵਸ: ਸਰਕਾਰੀ ਹਸਪਤਾਲ ਮੁਹਾਲੀ ਵਿੱਚ ਲੋਕਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਆ

ਮਾਤਾ ਸਾਹਿਬ ਕੌਰ ਸਾਹਿਬ ਨਰਸਿੰਗ ਕਾਲਜ ਸਮੇਤ ਹੋਰਨਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਅੱਖਾਂ ਸਾਡੇ ਸਰੀਰ ਦੇ ਸਭ ਤੋਂ ਅਹਿਮ ਅੰਗਾਂ ਵਿਚ ਸ਼ੁਮਾਰ ਹਨ। ਦੁਨੀਆਂ ਵਿੱਚ ਲਗਭਗ 37 ਮਿਲੀਅਨ ਲੋਕ ਨੇਤਰਹੀਣ ਹਨ। ਜਿਨ੍ਹਾਂ ਵਿਚੋਂ ਲਗਭਗ 15 ਮਿਲੀਅਨ ਸਿਰਫ਼ ਭਾਰਤ ਵਿਚ ਹਨ। ਜੇ ਅੱਖਾਂ ਦੀ ਸਹੀ ਅਤੇ ਸਮੇਂ ਸਿਰ ਸੰਭਾਲ ਕੀਤੀ ਗਈ ਹੁੰਦੀ ਤਾਂ ਇਨ੍ਹਾਂ ਵਿਚੋਂ 80 ਫ਼ੀਸਦੀ ਨੇਤਰਹੀਣਤਾ ਕੇਸਾਂ ਤੋਂ ਬਚਿਆ ਜਾ ਸਕਦਾ ਸੀ। ਇਹ ਜਾਣਕਾਰੀ ਐਸਐਮਓ ਡਾ. ਵਿਜੇ ਭਗਤ ਨੇ ਵਿਸ਼ਵ ਨੇਤਰ ਦਿਵਸ ਸਬੰਧੀ ਜ਼ਿਲ੍ਹਾ ਹਸਪਤਾਲ ਵਿਚ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਦਿੱਤੀ। ਇਸ ਮੌਕੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਬਲੌਂਗੀ ਸਮੇਤ ਹੋਰਨਾਂ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣਾਂ ਨੇ ਅੱਖਾਂ ਦੀ ਸਾਂਭ-ਸੰਭਾਲ ਦਾ ਹੋਕਾ ਦਿੰਦੀ ਜਾਗਰੂਕਤਾ ਰੈਲੀ ਕੱਢੀ।
ਇਸ ਮੌਕੇ ਬੋਲਦਿਆਂ ਡਾ. ਭਗਤ ਨੇ ਕਿਹਾ ਕਿ ਇਸ ਦਿਨ ਦਾ ਮਕਸਦ ਅੱਖਾਂ ਦੀ ਤੰਦਰੁਸਤੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਕਿ ਉਹ ਅੱਖਾਂ ਦੇ ਮਾਹਿਰਾਂ ਕੋਲੋਂ ਇਲਾਜ਼ ਕਰਵਾਉਣ ਦੇ ਨਾਲ-ਨਾਲ ਖ਼ੁਦ ਵੀ ਅਪਣੀਆਂ ਅੱਖਾਂ ਦਾ ਖ਼ਿਆਲ ਰੱਖ ਸਕਣ। ਉਨ੍ਹਾਂ ਕਿਹਾ ਕਿ ਭਾਰਤ ਵਿਚ ਜਿੰਨੇ ਲੋਕ ਨੇਤਰਹੀਣ ਹਨ। ਉਨ੍ਹਾਂ ਵਿਚੋਂ ਲਗਭਗ 80 ਫ਼ੀਸਦੀ ਦੀ ਨਿਗਾ ਨਹੀਂ ਸੀ ਜਾਣੀ ਚਾਹੀਦੀ ਜੇ ਉਨ੍ਹਾਂ ਦੀ ਸਹੀ ਸਮੇਂ ਸਹੀ ਸੰਭਾਲ ਹੋ ਜਾਂਦੀ। ਉਨ੍ਹਾਂ ਕਿਹਾ ਕਿ ਅੱਖਾਂ ਦੀ ਨਿਰੰਤਰ ਜਾਂਚ-ਪੜਤਾਲ ਬਹੁਤ ਜ਼ਰੂਰੀ ਹੈ। ਕਈ ਵਾਰ ਨਿਗ੍ਹਾ ਘੱਟ ਹੋਣ ਦੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਕਾਰਨ ਵੀ ਹੁੰਦੇ ਹਨ। ਜਿਨ੍ਹਾਂ ਦਾ ਪਤਾ ਕਰਵਾ ਕੇ ਇਲਾਜ਼ ਕਰਵਾਇਆ ਜਾਣਾ ਚਾਹੀਦਾ ਹੈ। ਸਿਗਰਟਨੋਸ਼ੀ ਅਤੇ ਬੇ-ਤਹਾਸ਼ਾ ਸ਼ਰਾਬ ਤੋਂ ਬਚਿਆ ਜਾਵੇ ਕਿਉਂਕਿ ਇਹ ਆਦਤਾਂ ਮੋਤੀਆਬਿੰਦੂ ਅਤੇ ਅੱਖਾਂ ਦੀਆਂ ਹੋਰ ਬੀਮਾਰੀਆਂ ਦਾ ਵੱਡਾ ਕਾਰਨ ਹਨ। ਅੱਖਾਂ ਦੀ ਹਿਫ਼ਾਜ਼ਤ ਲਈ ਐਨਕਾਂ ਆਦਿ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਅੱਖ ’ਤੇ ਸੱਟ ਵੀ ਟਾਲਣਯੋਗ ਨੇਤਰਹੀਣਤਾ ਦਾ ਇੱਕ ਕਾਰਨ ਹੈ।
ਡਾ. ਵਿਜੈ ਭਗਤ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ 2.5 ਲੱਖ ਦਾਨ ਕੀਤੀਆਂ ਅੱਖਾਂ ਦੀ ਲੋੜ ਹੁੰਦੀ ਹੈ ਪਰ ਦੇਸ਼ ਦੇ 109 ਆਈ ਬੈਂਕਾਂ ਵਿਚ ਹਰ ਸਾਲ 25 ਹਜ਼ਾਰ ਅੱਖਾਂ ਹੀ ਇਕੱਠੀਆਂ ਹੁੰਦੀਆਂ ਹਨ। ਜਿਨ੍ਹਾਂ ’ਚੋਂ 30 ਫ਼ੀਸਦੀ ਵਰਤੀਆਂ ਨਹੀਂ ਜਾ ਸਕਦੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਤੋਂ ਇਲਾਵਾ ਜ਼ਿਲ੍ਹੇ ਦੇ ਕਈ ਹਸਪਤਾਲਾਂ ਵਿਚ ਅੱਖਾਂ ਦੇ ਮਾਹਰ ਡਾਕਟਰ ਮੌਜੂਦ ਹਨ। ਅੱਖਾਂ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲਈ ਸਰਕਾਰੀ ਹਸਪਤਾਲ ਵਿਚ ਜਾਂਚ ਕਰਵਾਈ ਜਾ ਸਕਦੀ ਹੈ ਜੋ ਮਹਿਜ਼ 10 ਰੁਪਏ ਵਿਚ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਟੈਸਟ ਵੀ ਸਰਕਾਰੀ ਹਸਪਤਾਲਾਂ ਵਿਚ ਹੋ ਜਾਂਦੇ ਹਨ। ਸਮਾਗਮ ਵਿੱਚ ਅੱਖਾਂ ਦੇ ਮਾਹਰ ਡਾ. ਨੈਨਸੀ ਸੂਦ, ਡਾ. ਗੁਰਮਨ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਭੁਪਿੰਦਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …