ਬਿਨਾਂ ਐਨਓਸੀ ਤੋਂ ਰਜਿਸਟਰੀ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਨੇ ਲੋਕ

ਤਹਿਸੀਲ ਵਿੱਚ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ, ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁਸ਼ਕਲਾਂ ਸੁਣੀਆਂ

ਨਬਜ਼-ਏ-ਪੰਜਾਬ, ਮੁਹਾਲੀ, 27 ਫਰਵਰੀ:
ਮੁਹਾਲੀ ਵਿੱਚ ਬਿਨਾਂ ਐਨਓਸੀ ਤੋਂ ਰਜਿਸਟਰੀ ਕਰਵਾਉਣ ਲਈ ਭਲਕੇ 28 ਫਰਵਰੀ ਅੰਤਿਮ ਤਰੀਕ ਹੋਣ ਕਰਕੇ ਵੀਰਵਾਰ ਨੂੰ ਸਾਰਾ ਦਿਨ ਮੁਹਾਲੀ ਤਹਿਸੀਲ ਕੰਪਲੈਕਸ ਵਿੱਚ ਲੋਕਾਂ ਦਾ ਤਾਂਤਾ ਲੱਗਿਆ ਰਿਹਾ। ਤਹਿਸੀਲਾਂ ਵਿੱਚ ਅਪਾਇੰਟਮੈਂਟ ਅਤੇ ਸਲਾਟ ਨਾ ਮਿਲਣ ਕਾਰਨ ਲੋਕਾਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪਿਆ। ਲੰਬੀਆਂ ਲਾਈਨਾਂ ਵਿੱਚ ਖੜ੍ਹੇ ਲੋਕ ਪੰਜਾਬ ਸਰਕਾਰ ਅਤੇ ਸਰਕਾਰੀ ਤੰਤਰ ਨੂੰ ਕੋਸਦੇ ਨਜ਼ਰ ਆਏ।
ਸੂਚਨਾ ਮਿਲਦੇ ਹੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੁਰੰਤ ਤਹਿਸੀਲ ਦਫ਼ਤਰ ਵਿੱਚ ਪਹੁੰਚ ਗਏ ਅਤੇ ਖੱਜਲ-ਖੁਆਰ ਹੋ ਰਹੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘੰਟਿਆਂਬੱਧੀ ਉਡੀਕ ਤੋਂ ਬਾਅਦ ਬਿਨਾਂ ਰਜਿਸਟਰੀ ਤੋਂ ਵਾਪਸ ਜਾਣਾ ਪੈ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਨੇ ਮੁਹਾਲੀ ਦੇ ਤਹਿਸੀਲਦਾਰ ਨਾਲ ਮੁਲਾਕਾਤ ਕੀਤੀ ਅਤੇ ਬਿਨਾਂ ਐਨਓਸੀ ਤੋਂ ਜਾਇਦਾਦ ਦੀ ਰਜਿਸਟਰ ਕਰਵਾਉਣ ਲਈ ਤਰੀਕ ਵਧਾਉਣ ਦੀ ਗੁਹਾਰ ਲਗਾਈ। ਉਨ੍ਹਾਂ ਮੌਜੂਦਾ ਹਾਲਾਤਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਪੀੜਤ ਲੋਕ ਦੇਰ ਸ਼ਾਮ ਤੱਕ ਸਰਕਾਰੀ ਦਫ਼ਤਰਾਂ ਵਿੱਚ ਧੱਕੇ ਖਾ ਰਹੇ ਹਨ। ਅੌਰਤਾਂ ਅਤੇ ਬਜ਼ੁਰਗ ਡਾਢੇ ਪ੍ਰੇਸ਼ਾਨ ਹਨ। ਲਾਈਨ ਵਿੱਚ ਲੱਗੀਆਂ ਕਈ ਅੌਰਤਾਂ ਨੇ ਡਿਪਟੀ ਮੇਅਰ ਨੂੰ ਦੱਸਿਆ ਕਿ ਉਹ ਆਪਣੇ ਬੱਚੇ ਘਰ ਛੱਡ ਕੇ ਇੱਥੇ ਸਵੇਰ ਤੋਂ ਲਾਈਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਿਨਾਂ ਐਨਓਸੀ ਤੋਂ ਰਜਿਸਟਰੀ ਕਰਵਾਉਣ ਦੀ ਭਲਕੇ 28 ਫਰਵਰੀ ਆਖ਼ਰੀ ਤਰੀਕ ਹੈ ਜਦੋਂਕਿ ਹਾਲੇ ਵੀ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਰਜਿਸਟਰੀਆਂ ਕਰਵਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਲਈ 31 ਮਾਰਚ ਤੱਕ ਦੀ ਮੋਹਲਤ ਦਿੱਤੀ ਜਾਵੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਰਜਿਸਟਰੀਆਂ ਦੀ ਗਿਣਤੀ 470 ਤੱਕ ਵਧਾ ਦਿੱਤੀ ਹੈ ਪਰ ਇਸ ਨਾਲ ਲੋਕਾਂ ਦੀ ਲੋੜ ਪੂਰੀ ਨਹੀਂ ਹੋ ਰਹੀ। ਹਾਲਾਂਕਿ ਤਹਿਸੀਲਦਾਰ ਅਤੇ ਅਧਿਕਾਰੀ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੇ ਹਨ ਪਰ ਕੇਸਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਹਾਲਾਤ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ। ਡਿਪਟੀ ਮੇਅਰ ਨੇ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇ ਕੇ ਇਸ ਮਸਲੇ ਦਾ ਤੁਰੰਤ ਹੱਲ ਕਰਨ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਛੋਟੇ ਪਲਾਟਾਂ ਦੇ ਮਾਲਕ ਹਨ, ਉਹ ਰਜਿਸਟਰੀਆਂ ਕਰਵਾਉਣ ਲਈ ਲਾਈਨਾਂ ਵਿੱਚ ਖੜ੍ਹੇ ਹਨ ਪਰ ਲੰਮਾ ਸਮਾਂ ਉਡੀਕ ਕਰਨ ਦੇ ਬਾਵਜੂਦ ਉਨ੍ਹਾਂ ਦੀ ਵਾਰੀ ਨਹੀਂ ਆ ਰਹੀ। ਉਨ੍ਹਾਂ ਮੰਗ ਕੀਤੀ ਕਿ 31 ਮਾਰਚ ਤੱਕ ਸਮਾਂ ਵਧਾਇਆ ਜਾਵੇ ਅਤੇ ਰਜਿਸਟਰੀਆਂ ਲਈ ਸਰਲ ਨੀਤੀ ਅਪਣਾਈ ਜਾਵੇ ਤਾਂ ਜੋ ਲੋਕਾਂ ਨੂੰ ਤਹਿਸੀਲਾਂ ਵਿੱਚ ਖੱਜਲ-ਖੁਆਰ ਨਾ ਹੋਣਾ ਪਵੇ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਮੁਹਾਲੀ ਦੇ ਤਹਿਸੀਲਦਾਰ ਜਸਪ੍ਰੀਤ ਸਿੰਘ ਨੇ ਲੋਕਾਂ ਦੀ ਪ੍ਰੇਸ਼ਾਨੀ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਲਾਟ ਵਧਾਏ ਗਏ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਅਪਾਇੰਟਮੈਂਟ ਅਤੇ ਸਲਾਟ ਮਿਲ ਚੁੱਕੇ ਹਨ, ਉਨ੍ਹਾਂ ਸਾਰਿਆਂ ਦੀਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣਗੀਆਂ। ਰਜਿਸਟਰੀਆਂ ਦਾ ਸਮਾਂ ਵਧਾਉਣ ਬਾਰੇ ਅਧਿਕਾਰੀ ਨੇ ਕਿਹਾ ਕਿ ਜਿਵੇਂ ਹੀ ਪੰਜਾਬ ਸਰਕਾਰ ਦੇ ਦਿਸ਼ਾਨਿਰਦੇਸ਼ ਮਿਲਦੇ ਹਨ, ਉਸ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਫਿਲਹਾਲ ਰਜਿਸਟਰੀਆਂ ਦੀ ਅੱਗੇ ਤਰੀਕ ਵਧਾਉਣ ਜਿਹੀ ਕੋਈ ਸੂਚਨਾ ਨਹੀਂ ਮਿਲੀ ਹੈ।

Load More Related Articles

Check Also

ਪੰਜਾਬ ਵਿੱਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, 1.81 ਲੱਖ ਟਨ ਮੱਛੀਆਂ ਦਾ ਉਤਪਾਦਨ

ਪੰਜਾਬ ਵਿੱਚ ਮੱਛੀ ਪਾਲਣ ਅਧੀਨ 43 ਹਜ਼ਾਰ ਏਕੜ ਤੋਂ ਵੱਧ ਰਕਬਾ, 1.81 ਲੱਖ ਟਨ ਮੱਛੀਆਂ ਦਾ ਉਤਪਾਦਨ 16 ਸਰਕਾਰੀ…