
ਕਾਂਗਰਸ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ ਮੁਹਾਲੀ ਖੇਤਰ ਦੇ ਲੋਕ: ਕੁਲਵੰਤ ਸਿੰਘ
ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਬੜਮਾਜਰਾ ਵਿੱਚ ਕੀਤੀ ਜਨ ਸੰਪਰਕ ਰੈਲੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਮੁਹਾਲੀ ਹਲਕੇ ਅੰਦਰ ਵਿੱਚ ਸ਼ੁਰੂ ਜਨ ਸੰਪਰਕ ਮੁਹਿੰਮ ਤਹਿਤ ਪਿੰਡ ਬੜਮਾਜਰਾ ਅਤੇ ਕਲੋਨੀ ਦੀ ਸਾਂਝੀ ਪਬਲਿਕ ਰੈਲੀ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ’ਚ ਅੌਰਤਾਂ ਅਤੇ ਕਲੋਨੀ ਵਾਸੀਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਬੇਹੱਦ ਦੁਖੀ ਹਨ, ਉੱਥੇ ਮੁਹਾਲੀ ਖੇਤਰ ਦੇ ਲੋਕ ਮੌਜੂਦਾ ਸਰਕਾਰ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ। ਜਦੋਂਕਿ ਇਸ ਦੇ ਉਲਟ ਕਾਂਗਰਸੀ ਆਗੂ ਵਿਕਾਸ ਦੇ ਨਾਂਅ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਸਾਬਕਾ ਮੇਅਰ ਨੇ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿੰਡ ਨਗਾਰੀ ਅਤੇ ਫੇਜ਼-9 ਵਿੱਚ ਸਰਕਾਰ ਵੱਲੋਂ ਹਾਲ ਹੀ ਵਿੱਚ ਬਣਾਈਆਂ ਸੜਕਾਂ ਕੁੱਝ ਘੰਟਿਆਂ ਬਾਅਦ ਹੀ ਟੁੱਟ ਗਈਆਂ। ਇੰਜ ਪਿੰਡ ਗੋਬਿੰਦਗੜ੍ਹ ਵਿੱਚ ਗੰਦਗੀ ਅਤੇ ਗਲੀਆਂ ਵਿੱਚ ਖੜੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਬੜਮਾਜਰਾ ਦੇ ਲੋਕਾਂ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਹੁਕਮਰਾਨ ਝੂਠੇ ਲਾਰੇ ਲਗਾ ਕੇ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰਨਗੇ। ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਮਾਜ ਸੇਵੀ ਨੂੰ ਪੂਰੀ ਸਮਰਪਿਤ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਹੁਕਮਰਾਨ ਪਿੰਡਾਂ ਅਤੇ ਕਲੋਨੀਆਂ ਵਿੱਚ ਆਉਣ ਤਾਂ ਉਨ੍ਹਾਂ ਕੋਲੋਂ ਸਰਕਾਰ ਦੀ 5 ਸਾਲ ਦੀ ਕਾਰਗੁਜ਼ਾਰੀ ਬਾਰੇ ਜ਼ਰੂਰ ਸਵਾਲ ਪੁੱਛੇ ਜਾਣ। ਉਨ੍ਹਾਂ ਨੇ ਨਗਰ ਨਿਗਮ ਦੇ ਮੇਅਰ ਵਜੋਂ ਕੀਤੇ ਵਿਕਾਸ ਕਾਰਜਾਂ ਬਾਰੇ ਵੀ ਚਾਨਣਾ ਪਾਇਆ।