ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ
ਸ਼ਹਿਰ ਵਿੱਚ ਤਿੰਨ ਗਊਸ਼ਾਲਾ ਪਰ ਫਿਰ ਵੀ ਲਾਵਾਰਿਸ ਪਸ਼ੂਆਂ ਦੀ ਭਰਮਾਰ, ਲੋਕ ਪ੍ਰੇਸ਼ਾਨ
ਨਬਜ਼-ਏ-ਪੰਜਾਬ, ਮੁਹਾਲੀ, 15 ਜਨਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜ਼ਿਆਦਾਤਰ ਲੋਕ ਖ਼ੁਦ ਹੀ ਸੜਕਾਂ ਕਿਨਾਰੇ ਘਰਾਂ ਦਾ ਵੇਸਟ ਅਤੇ ਰਾਸ਼ਨ ਸੁੱਟ ਕੇ ਗੰਦਗੀ ਫੈਲਾ ਰਹੇ ਹਨ। ਅਜਿਹੀਆਂ ਥਾਵਾਂ ’ਤੇ ਲਾਵਾਰਿਸ ਪਸ਼ੂ ਝੁੰਡ ਬਣਾ ਕੇ ਘੁੰਮਦੇ ਫਿਰਦੇ ਹਨ। ਜਿਸ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈ ਰਿਹਾ ਹੈ। ਲਾਵਾਰਿਸ ਪਸ਼ੂਆਂ ਕਾਰਨ ਸ਼ਹਿਰ ਵਿੱਚ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਲੇਕਿਨ ਮੁਹਾਲੀ ਪ੍ਰਸ਼ਾਸਨ ਖਾਸ ਕਰਕੇ ਨਗਰ ਨਿਗਮ ਦਾ ਅਮਲਾ ਅਣਜਾਣ ਬਣਿਆ ਹੋਇਆ ਹੈ। ਹਾਲਾਂਕਿ ਸ਼ਹਿਰ ਵਿੱਚ ਤਿੰਨ ਗਊਸ਼ਾਲਾਵਾਂ ਹਨ। ਜਿਨ੍ਹਾਂ ਵਿੱਚ ਇੱਕ ਸਰਕਾਰੀ ਗਊਸ਼ਾਲਾ, ਦੋ ਪ੍ਰਾਈਵੇਟ ਗਊਸ਼ਾਲਾ ਹਨ। ਇਨ੍ਹਾਂ ਵਿੱਚ ਇੱਕ ਗਊਸ਼ਾਲਾ ਬਲੌਂਗੀ ਹੈ ਜਦੋਂਕਿ ਪੁਰਾਣਾ ਡੀਸੀ ਕੰਪਲੈਕਸ ਨੇੜੇ ਸ਼ੈੱਡ ਵੀ ਲਾਵਾਰਿਸ ਗਊਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਭਰਮਾਰ ਹੈ।
ਕੰਜਿਊਮਰ ਪ੍ਰੋਟੈਕਸ਼ਨ ਫੋਰਮ ਦੇ ਪ੍ਰਧਾਨ ਇੰਜ. ਪੀਐਸ ਵਿਰਦੀ, ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ,ਸਾਬਕਾ ਕੌਂਸਲਰ ਆਰਪੀ ਸ਼ਰਮਾ, ਹਰਬਿੰਦਰ ਸਿੰਘ ਸੈਣੀ ਅਤੇ ਧਰਮ ਸਿੰਘ ਸੈਣੀ ਨੇ ਕਿਹਾ ਕਿ ਨਗਰ ਨਿਗਮ ਲਾਵਾਰਿਸ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਗੰਭੀਰ ਨਹੀਂ ਹੈ। ਸ਼ਹਿਰ ਵਿੱਚ ਟੋਲੀਆਂ ਬੰਨ੍ਹ ਕੇ ਘੁੰਮਦੇ ਲਾਵਾਰਿਸ ਪਸ਼ੂ ਜਿੱਥੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉੱਥੇ ਗੰਦਗੀ ਵਿੱਚ ਖਿਲਾਰ ਰਹੇ ਹਨ। ਮਹਿਲਾ ਕੌਂਸਲਰ ਜਸਪ੍ਰੀਤ ਕੌਰ ਅਤੇ ਗੁਰਪ੍ਰੀਤ ਕੌਰ ਮਟੌਰ ਨੇ ਕਿਹਾ ਕਿ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਕਈ ਵਾਰ ਲਾਵਾਰਿਸ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਸਫ਼ਾਈ ਵਿਵਸਥਾ ਦਾ ਮੁੱਦਾ ਚੁੱਕ ਚੁੱਕੇ ਹਨ ਲੇਕਿਨ ਉਪਰੋਕਤ ਸਮੱਸਿਆਵਾਂ ਜਿਊਂ ਦੀ ਤਿਊਂ ਬਰਕਰਾਰ ਹਨ।
ਸਮਾਜ ਸੇਵਕਾ ਪੁਸ਼ਪਾ ਪੁਰੀ ਨੇ ਕਿਹਾ ਕਿ ਪੁਰਾਣਾ ਬੈਰੀਅਰ ’ਤੇ ਗੋਲ ਚੱਕਰ ਨੇੜੇ ਲੋਕ ਸ਼ਰ੍ਹੇਆਮ ਕੂੜਾ ਸੁੱਟ ਰਹੇ ਹਨ, ਜਿਸ ਕਾਰਨ ਇੱਥੇ ਬੇਸ਼ੁਮਾ;ਰ ਗੰਦਗੀ ਖਿਲਰੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵੀਆਈਪੀ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਲੋਕ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੀ ਥਾਂ ਖੱੁਲ੍ਹੀਆਂ ਥਾਵਾਂ ’ਤੇ ਸ਼ਰੇਆਮ ਕੂੜਾ ਸੁੱਟ ਰਹੇ ਹਨ। ਜਿਸ ਕਾਰਨ ਸ਼ਹਿਰ ਦੀ ਖ਼ੂਬਸੂਰਤ ਨੂੰ ਗੰਦਗੀ ਦਾ ਗ੍ਰਹਿਣ ਲੱਗ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕਾਂ ਕਿਨਾਰੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਨੂੰ ਲਾਵਾਰਿਸ ਪਸ਼ੂਆਂ ਤੋਂ ਮੁਕਤ ਕੀਤਾ ਜਾਵੇ।