
ਮੁਹਾਲੀ ਵਿੱਚ ਖਾਲੀ ਥਾਵਾਂ ’ਤੇ ਸੁੱਟੇ ਜਾ ਰਹੇ ਕੂੜੇ ਦੀ ਸਮੱਸਿਆ ਤੋਂ ਲੋਕ ਅੌਖੇ
ਕੌਂਸਲਰ ਮਾ. ਚਰਨ ਸਿੰਘ ਦੀ ਅਗਵਾਈ ਹੇਠ ਸੈਕਟਰ ਵਾਸੀਆਂ ਦਾ ਵਫ਼ਦ ਕਮਿਸ਼ਨਰ ਨੂੰ ਮਿਲਿਆ
ਨਬਜ਼-ਏ-ਪੰਜਾਬ, ਮੁਹਾਲੀ, 23 ਮਾਰਚ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਈ ਥਾਵਾਂ ’ਤੇ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਕੂੜਾ ਕਰਕਟ ਅਤੇ ਹੋਰ ਗੰਦਗੀ ਸੁੱਟੇ ਜਾਣ ਕਾਰਨ ਸ਼ਹਿਰ ਵਾਸੀ ਕਾਫ਼ੀ ਅੌਖੇ ਹਨ। ਇਸ ਸਬੰਧੀ ਇੱਥੋਂ ਦੇ ਸੈਕਟਰ-66 ਦੇ ਕੌਂਸਲਰ ਮਾ. ਚਰਨ ਸਿੰਘ ਦੀ ਅਗਵਾਈ ਹੇਠ ਸੈਕਟਰ-66 ਦੇ ਵਸਨੀਕਾਂ ਦਾ ਵਫ਼ਦ ਨਿਗਮ ਕਮਿਸ਼ਨਰ ਪਰਮਿੰਦਰਪਾਲ ਸਿੰਘ ਨੂੰ ਮਿਲਿਆ ਅਤੇ ਸੈਕਟਰ-66, ਸੈਕਟਰ-67, ਸੈਕਟਰ-80 ਅਤੇ ਸੈਕਟਰ-81 ਦੀਆਂ ਟਰੈਫ਼ਿਕ ਲਾਈਟਾਂ ਨੇੜੇ ਖੁੱਲ੍ਹੇ ਵਿੱਚ ਕੂੜਾ ਸੁੱਟਣ ’ਤੇ ਪਾਬੰਦੀ ਲਾਉਣ ਅਤੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਵਫ਼ਦ ਨੇ ਅਣਅਧਿਕਾਰਤ ਡੰਪਿੰਗ ਗਰਾਉਂਡਾਂ ’ਤੇ ਕੂੜਾ ਸੁੱਟਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਅਤੇ ਇਨ੍ਹਾਂ ਥਾਵਾਂ ਦੀ ਫੌਰੀ ਸਫ਼ਾਈ ਕਰਵਾਉਣ ’ਤੇ ਜ਼ੋਰ ਦਿੱਤਾ।
ਕੌਂਸਲਰ ਮਾ. ਚਰਨ ਸਿੰਘ, ਹਰਿੰਦਰ ਸਿੰਘ, ਜਗਦੀਸ਼ ਦਾਸ, ਜੀਵਨ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸੈਕਟਰ-66, 67, 80 ਅਤੇ 81 ਦੇ ਲਾਲ ਬੱਤੀ ਪੁਆਇੰਟਾਂ ਨੇੜੇ ਖੁੱਲ੍ਹੀ ਥਾਂ ਵਿੱਚ ਕੁੱਝ ਵਿਅਕਤੀਆਂ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਅਤੇ ਇੰਜ ਜਾਪਦਾ ਹੈ ਕਿ ਨਗਰ ਨਿਗਮ ਵੱਲੋਂ ਇਸ ਥਾਂ ’ਤੇ ਆਰਜ਼ੀ ਡੰਪਿੰਗ ਗਰਾਉਂਡ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਅਜਿਹੀਆਂ ਥਾਵਾਂ ’ਤੇ ਗੱਡੀਆਂ ਵਿੱਚ ਸਵਾਰ ਹੋ ਕੇ ਆਉਂਦੇ ਲੋਕਾਂ ਵੱਲੋਂ ਕੂੜਾ ਸੁੱਟਿਆਂ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਥਾਂ ਸੈਕਟਰ-66 ਦੇ ਰਿਹਾਇਸ਼ੀ ਖੇਤਰ ਦੇ ਬਿਲਕੁਲ ਨਾਲ ਲੱਗਦੀ ਹੈ। ਇੱਥੇ ਕੂੜੇ ਦੇ ਢੇਰ ਕਾਰਨ ਇਸ ਖੇਤਰ ਵਿੱਚ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਮੱਖੀ ਮੱਛਰ ਕਾਰਨ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਹ ਥਾਂ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੂੰ ਜਾਂਦੀ ਏਅਰਪੋਰਟ ਸੜਕ ਦੇ ਬਿਲਕੁਲ ਨਾਲ ਲੱਗਦੀ ਹੈ ਅਤੇ ਇੱਥੇ ਲੱਗੇ ਕੂੜੇ ਦੇ ਢੇਰ ਸ਼ਹਿਰ ਦੀ ਦਿੱਖ ਵੀ ਖ਼ਰਾਬ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਥਾਂ ਦੀ ਤੁਰੰਤ ਸਫ਼ਾਈ ਕਰਵਾ ਕੇ ਇੱਥੇ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਇੱਥੇ ਕੂੜਾ ਸੁੱਟਣ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ। ਕਮਿਸ਼ਨਰ ਪਰਮਿੰਦਰਪਾਲ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।